ਕਾਂਗਰਸ ਪਾਰਟੀ ਪੰਜਾਬ ਦੀ ਲੁੱਟ ਨਹੀਂ ਹੋਣ ਦੇਵੇਗੀ: ਬੈਂਸ
ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਿਮਰਜੀਤ ਸਿੰਘ ਬੈਂਸ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਪਾਰਟੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਦਿੱਲੀ ਦੇ ਭਗੌੜੇ ਬਾਬੂਆਂ ਨੂੰ ਪੰਜਾਬ ਲੁੱਟਣ ਦੀ ਇਜਾਜ਼ਤ ਨਹੀਂ ਦੇਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਲਗਪਗ ਤਿੰਨ ਸਾਲਾਂ ਵਿੱਚ ਕਰਜ਼ੇ ਚੁੱਕ ਚੁੱਕ ਕੇ ਪੰਜਾਬ ਨੂੰ ਕਰਜ਼ਈ ਕਰ ਦਿੱਤਾ ਹੈ ਤੇ ਆਪਣੀ ਬੱਲੇ ਬੱਲੇ ਲਈ ਸਾਰੀ ਰਕਮ ਇਸ਼ਤਿਹਾਰਬਾਜ਼ੀ ’ਤੇ ਫੂਕ ਰਹੀ ਹੈ, ਜਦਕਿ ਜ਼ਮੀਨੀ ਪੱਧਰ ’ਤੇ ਵਿਕਾਸ ਦੇ ਨਾਂ ’ਤੇ ਕੋਈ ਕੰਮ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਸੂਬੇ ਦੇ ਕਿਸਾਨਾਂ ਨੂੰ ਉਜਾੜ ਕੇ ਦਿੱਲੀ ਵਾਲਿਆਂ ਦੀਆਂ ਜੇਬਾਂ ਭਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਰਹਿਣ ਸਹਿਣ ਲਈ ਚੰਗੇ ਘਰ ਬਾਰ ਅਤੇ ਕਾਰੋਬਾਰ ਸਥਾਨ ਬਣਾ ਕੇ ਦੇਣਾ ਚਾਹੁੰਦੀ ਹੈ ਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਾਈਵੇਟ ਕਲੋਨਾਈਜ਼ਰਾਂ ਵੱਲੋਂ ਹਜ਼ਾਰਾਂ ਏਕੜ ਜ਼ਮੀਨ ਵਿੱਚ ਕਈ ਸਾਲਾਂ ਤੋਂ ਕਲੋਨੀਆਂ ਕੱਟੀਆਂ ਹੋਈਆਂ ਹਨ, ਜੋ ਅੱਜ ਤੱਕ ਆਬਾਦ ਨਹੀਂ ਹੋ ਸਕੀਆਂ। ਇਹ ਕਲੋਨੀਆਂ ਸਰਕਾਰ ਖਰੀਦ ਸਕਦੀ ਹੈ। ਇਸਤੋਂ ਇਲਾਵਾ ਮਾਨ ਸਰਕਾਰ ਨੇ ਜੋ ਹਜ਼ਾਰਾਂ ਏਕੜ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਛਡਾਏ ਹਨ ਉਸ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।