ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਬਾਰੇ ਕਾਂਗਰਸ ਦੀ ਮੀਟਿੰਗ
ਕੈਪਟਨ ਸੰਧੂ ਨੇ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ; ਫੋਕੇ ਫੈਂਟਰਾਂ ਵਾਲੀ ਸਰਕਾਰ ਦੇ ਪੱਲੇ ਕੱਖ ਵੀ ਨਹੀਂ: ਸੰਧੂ
ਕਾਂਗਰਸ ਪਾਰਟੀ ਦੀ ਅਗਾਮੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਸਬੰਧੀ ਮੀਟਿੰਗ ਅੱਜ ਇਥੇ ਪਾਰਟੀ ਦਫ਼ਤਰ ਵਿਖੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕਾਂਗਰਸੀ ਆਗੂਆਂ ਨਾਲ ਚੋਣਾਂ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ ਅਤੇ ਸੁਝਾਅ ਵੀ ਲਏ ਗਏ। ਕੈਪਟਨ ਸੰਧੂ ਨੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਹਲਕਾ ਦਾਖਾ ਦੇ ਤਿੰਨ ਜ਼ੋਨ ਬਣਾਏ ਗਏ ਹਨ ਜਿਨ੍ਹਾਂ ਵਿੱਚ ਜ਼ੋਨ-01 ਮੋਹੀ, ਜ਼ੋਨ- 2 ਪੁੜੈਣ ਅਤੇ ਜ਼ੋਨ-3 ਹਾਂਸ ਕਲਾਂ ਹੋਣਗੇ।
ਇਸੇ ਤਰ੍ਹਾਂ ਹੀ ਬਲਾਕ ਸਮਿਤੀਆਂ ਚੋਣਾਂ ਸਬੰਧੀ ਜ਼ੋਨ ਬਣੇ ਹਨ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਇਨ੍ਹਾਂ ਚੋਣਾਂ ਲਈ ਲਾਮਬੰਦ ਕਰਦਿਆ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤਿੰਨੇ ਜ਼ੋਨਾਂ 'ਤੇ ਕਾਂਗਰਸ ਵਲੋਂ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਚੋਣਾਂ ਲਈ ਹੁਣੇ ਤੋਂ ਕਮਰਕੱਸੇ ਕਰ ਲੈਣ ਲਈ ਕਹਿੰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਹਲਕਾ ਦਾਖਾ ਦੇ ਸਾਰੇ ਪਿੰਡਾਂ ਦੇ ਕਾਂਗਰਸੀ ਆਗੂ ਨਾਲ ਜਲਦ ਮੁੜ ਮੀਟਿੰਗ ਕੀਤੀ ਜਾਵੇਗੀ। ਕੈਪਟਨ ਸੰਧੂ ਨੇ ਕਿਹਾ ਕਿ ਇਸ ਸਮੇਂ ਨਾ ਤਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪੱਲੇ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਹੈ। ਇਹੋ ਕਾਰਨ ਹੈ ਕਿ ਇਨ੍ਹਾਂ ਦਾ ਸਾਰਾ ਜ਼ੋਰ ਲੋਕਾਂ ਤੋਂ ਮਾਇਆ ਇਕੱਠੀ ਕਰਨ ਵੱਲ ਲੱਗਾ ਹੋਇਆ ਹੈ। ਹੜ੍ਹਾਂ ਦੀ ਮਾਰ ਕਰਕੇ ਪੀੜਤਾਂ ਨੂੰ ਕੁਝ ਦੇਣ ਦੀ ਥਾਂ ਫੋਕੇ ਫੈਂਟਰਾਂ ਵਾਲੀ ਸਰਕਾਰ ਫੋਕੇ ਮਿਸ਼ਨ ਚਲਾ ਰਹੀ ਹੈ। ਹੁਣ ਤਕ ਸੂਬਾ ਸਰਕਾਰ ਨੇ ਕੋਈ ਰਾਹਤ ਪੈਕੇਜ ਹੜ੍ਹਾਂ ਦੇ ਮੱਦੇਨਜ਼ਰ ਨਹੀਂ ਐਲਾਨਿਆ। ਉਲਟਾ ਲੋਕਾਂ ਤੋਂ ਰੁਪਏ ਮੰਗੇ ਜਾ ਰਹੇ ਹਨ। ਮੀਟਿੰਗ ਵਿੱਚ ਮਨਪ੍ਰੀਤ ਸਿੰਘ ਈਸੇਵਾਲ, ਪਰੇਮ ਸਿੰਘ ਬਾਸੀਆ ਬੇਟ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਬੇਟ, ਸੁਖਵਿੰਦਰ ਸਿੰਘ ਪਮਾਲੀ, ਕਮਲਜੀਤ ਸਿੰਘ ਦੇਤਵਾਲ, ਕੁਲਦੀਪ ਸਿੰਘ ਛਪਾਰ, ਗੁਰਮੀਤ ਸਿੰਘ ਮਿੰਟੂ ਰੂਮੀ, ਹਰਮਿੰਦਰ ਸਿੰਘ ਸਹੋਲੀ, ਹਰਿੰਦਰ ਸਿੰਘ ਰਕਬਾ, ਹਿੰਮਤ ਮੋਹੀ, ਕਮਲ ਰਤਨ, ਜਸਵੀਰ ਸਿੰਘ ਖੰਡੂਰ, ਸੁਖਵਿੰਦਰ ਗੋਰਸੀਆਂ ਮੱਖਣ, ਕੁਲਵਿੰਦਰ ਸਿੰਘ ਛੋਕਰ, ਕੁਲਦੀਪ ਸਿੰਘ ਖੰਡੂਰ, ਤਨਵੀਰ ਜੋਧਾਂ, ਗੱਗਾ ਈਸੇਵਾਲ, ਸਨੀ ਜੋਧਾਂ, ਇੰਦਰਪਾਲ ਗੋਰਸੀਆਂ, ਜੱਗਾ ਸਵੱਦੀ, ਰੁਲਦਾ ਸਿੰਘ ਪੰਡੋਰੀ, ਬੌਬੀ ਬੋਪਾਰਾਏ ਹਾਜ਼ਰ ਸਨ।