ਕਾਂਗਰਸੀ ਆਗੂਆਂ ਵੱਲੋਂ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ
ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਆਦਮਕੱਦ ਬੁੱਤ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਜਲੀਆਂ ਭੇਟ ਕੀਤੀਆਂ। ਕਾਂਗਰਸ ਪਾਰਟੀ ਵੱਲੋਂ ਇਥੇ ਰੱਖੀ ਸੰਵਿਧਾਨ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਨੇ ਸਾਨੂੰ ਯਾਦ ਦਿਵਾਇਆ ਕਿ ਆਜ਼ਾਦੀ ਇੱਕ ਵਾਰ ਦਾ ਤੋਹਫ਼ਾ ਨਹੀਂ ਹੈ, ਇਹ ਇੱਕ ਜ਼ਿੰਮੇਵਾਰੀ ਹੈ ਜਿਸਦੀ ਸਾਨੂੰ ਹਰ ਰੋਜ਼ ਰਾਖੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 1955 ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਨੇ ਗੋਆ ਦੀ ਆਜ਼ਾਦੀ ਲਈ ਆਪਣੀ ਸ਼ਹਾਦਤ ਦੇ ਦਿੱਤੀ, ਇਹ ਦਰਸਾਉਂਦੇ ਹੋਏ ਕਿ ਨਿਆਂ ਦੀ ਲੜਾਈ ਕਦੇ ਖਤਮ ਨਹੀਂ ਹੁੰਦੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਜਾਅਲੀ ਵੋਟਰ ਰਾਹੀਂ ਫਤਵਾ ਚੋਰੀ ਕਰਕੇ ਦੇਸ ਲਈ ਆਪਾਂ ਵਾਰਨ ਵਾਲੇ ਸ਼ਹੀਦਾਂ ਦੇ ਬਲੀਦਾਨ ਦਾ ਅਪਮਾਨ ਕਰ ਰਹੀ ਹੈ, ਜਦਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਚੁੱਪਧਾਰੀ ਹੋਈ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਵੀ ਮੋਦੀ ਨਾਲ ਇਕਮਿੱਕ ਹਨ।
ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰਦਿਆਂ ਕਿਹਾ ਕਿ ਜੋ ਮੁੱਖ ਮੰਤਰੀ ਬੰਦ ਫਾਇਲਾਂ ਦੇ ਡਰਾਵੇ ਦੇ ਕੇ ਜੇਲ੍ਹਾਂ ’ਚ ਸੁੱਟਣ ਦੀ ਗੱਲ ਕਰਦਾ ਹੈ, ਉਹ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਅੱਜ ਪੰਜਾਬ ਨੂੰ ਕੰਗਾਲੀ ਦੇ ਕੰਢੇ ਲਿਆ ਖੜਾ ਕੀਤਾ ਹੈ। ਆਪ ਸਰਕਾਰ ਦਿੱਲੀ ਦੇ ਭਗੌੜੇ ਅਰਵਿੰਦ ਕੇਜਰੀਵਾਲ ਨਾਲ ਰਲਕੇ ਪੰਜਾਬ ਨੂੰ ਲੁੱਟਣ ਤੇ ਤੁੱਲੀ ਹੋਈ ਹੈ ਜੋ ਬਰਦਾਸ਼ਤ ਨਹੀਂ ਕਰਾਂਗੇ। ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਚ ਜੋਸ ਭਰਦਿਆਂ ਕਿਹਾ ਕਿ ਤਕੜੇ ਹੋ ਜਾਵੋ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤਹਿ ਹੈ ਕਿਉਂਕਿ ਆਪ ਸਰਕਾਰ ਤੋਂ ਅੱਜ ਹਰ ਵਰਗ ਦੇ ਲੋਕ ਦੁਖੀ ਹਨ।