ਰਾਏਕੋਟ ਕੌਂਸਲ ਦੀ ਮੀਟਿੰਗ ’ਚ ਸਾਹਮਣੇ ਆਈ ਕਾਂਗਰਸ ਦੀ ਧੜੇਬੰਦੀ
ਨਗਰ ਕੌਂਸਲ ਰਾਏਕੋਟ ਦੀ ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੀ ਆਪਸੀ ਧੜੇਬੰਦੀ ਉਸ ਸਮੇਂ ਜੱਗ ਜ਼ਾਹਰ ਹੋਈ ਜਦੋਂ ਪ੍ਰਧਾਨ ਸੁਦਰਸ਼ਨ ਜੋਸ਼ੀ ਅਤੇ ਕੌਂਸਲਰ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਕੁਝ ਹੋਰ ਕੌਂਸਲਰਾਂ ਦੀ ਇਸ਼ਤਿਹਾਰਬਾਜ਼ੀ ਵਾਲੇ ਹੋਰਡਿੰਗ ਲਾਉਣ ਵਿੱਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਤਿੱਖੀ ਬਹਿਸ ਹੋਈ। ਕੌਂਸਲਰ ਰਜਿੰਦਰ ਸਿੰਘ ਰਾਜੂ ਨੇ ਨਗਰ ਕੌਂਸਲ ’ਚ ਫੈਲੇ ਭ੍ਰਿਸ਼ਟਾਚਾਰ ਦਾ ਮੁੱਦਾ ਜ਼ੋਰਦਾਰ ਉਠਾਇਆ। ਮੀਟਿੰਗ ਦੌਰਾਨ ਸੁਪਰਡੈਂਟ ਗਗਨ ਉੱਪਲ ਦੀ ਗ਼ੈਰਮੌਜੂਦਗੀ ਕਾਰਨ ਅੱਜ ਦੀ ਮੀਟਿੰਗ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ ਗਈ।
ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਗੁਰਜੰਟ ਸਿੰਘ ਨੇ ਇਸ਼ਤਿਹਾਰਬਾਜ਼ੀ ਵਾਲੇ ਹੋਰਡਿੰਗ ਲਾਉਣ ਦੇ ਮਾਮਲੇ ਵਿੱਚ ਰੀਵਿਊ ਕਮੇਟੀ ਵੱਲੋਂ ਨਿਯਮਾਂ ਦੀ ਉਲੰਘਣਾ ਕਰ ਕੇ ਛੋਟੇ-ਵੱਡੇ ਇਸ਼ਤਿਹਾਰੀ ਬੋਰਡਾਂ ਦੀ ਗਿਣਤੀ ਵਿੱਚ ਕੀਤੇ ਵਾਧੇ ਦਾ ਮੁੱਦਾ ਵੀ ਉਠਾਇਆ ਤੇ ਉਨ੍ਹਾਂ ਇਸ ਮਾਮਲੇ ਵਿੱਚ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਾਏ। ਇਸ ਸਬੰਧੀ ਕਾਰਜਸਾਧਕ ਅਫ਼ਸਰ ਅਮਨਦੀਪ ਸਿੰਘ ਅਤੇ ਪ੍ਰਧਾਨ ਸੁਦਰਸ਼ਨ ਜੋਸ਼ੀ ਨੇ ਬਚਾਅ ਕਰਦਿਆਂ ਕਿਹਾ ਕਿ ਪਿਛਲੇ ਸਾਲ 3 ਦਸੰਬਰ ਨੂੰ ਹੋਈ ਰਿਵਿਊ ਕਮੇਟੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਏ ਫ਼ੈਸਲੇ ਅਨੁਸਾਰ ਇਹ ਵਾਧਾ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ। ਕੌਂਸਲਰ ਉਮਾ ਰਾਣੀ ਅਤੇ ਸ਼ਰਨਜੀਤ ਕੌਰ ਨੇ ਸ਼ਹਿਰ ਵਿੱਚ ਸਟਰੀਟ ਲਾਈਟਾਂ ਦਾ ਮੁੱਦਾ ਉਠਾਇਆ।