‘ਬ੍ਰੈਸਟ ਕੈਂਸਰ’ ਜਾਗਰੂਕਤਾ ਅਤੇ ਮੁਫ਼ਤ ਡਾਕਟਰੀ ਜਾਂਚ ਪ੍ਰਦਾਨ ਕਰਨ ਲਈ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਵਾਲੇ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਅੱਜ ਸਥਾਨਕ ਗੁਰੂ ਨਾਨਕ ਭਵਨ ਵਿੱਚ ਇੱਕ ਸਾਲਾਨਾ ਬ੍ਰੈਸਟ ਕੈਂਸਰ ਜਾਗਰੂਕਤਾ ਪ੍ਰੋਗਰਾਮ, ਯੂਨਾਈਟ ਫਾਰ ਪਿੰਕਟੋਬਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬ੍ਰੈਸਟ ਕੈਂਂਸਰ ਨੂੰ ਮਾਤ ਪਾਉਣ ਵਾਲੀਆਂ, ਮਸ਼ਹੂਰ ਭਾਰਤੀ ਟੀ ਵੀ ਅਤੇ ਫਿਲਮ ਅਦਾਕਾਰਾ ਹਿਨਾ ਖਾਨ ਅਤੇ ਪੰਜਾਬ ਵਿਕਾਸ ਕਮਿਸ਼ਨ ਦੀ ਵਾਈਸ-ਚੇਅਰਪਰਸਨ ਸੀਮਾ ਬਾਂਸਲ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ ਤੇ ਆਪਣੇ ਨਿੱਜੀ ਵਿਚਾਰ ਸਾਂਝੇ ਕੀਤੇ। ਸੈਸ਼ਨ ਦਾ ਸੰਚਾਲਨ ਨੋਮਿਤਾ ਖੰਨਾ ਅਤੇ ਸ਼ਵੇਤਾ ਜਿੰਦਲ ਨੇ ਕੀਤਾ। ਬ੍ਰੈਸਟ ਕੈਂਸਰ ਨਾਲ ਲੜਨ ਵਾਲੀ ਹਿਨਾ ਖਾਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਇਸ ਜਾਗਰੂਕਤਾ ਪ੍ਰੋਗਰਾਮ ਲਈ ਸੱਦਾ ਦੇਣ ਦਾ ਧੰਨਵਾਦ ਕੀਤਾ। ਉਨ੍ਹਾਂ ਬਿਮਾਰੀ ਨਾਲ ਲੜੀ ਆਪਣੀ ਲੜਾਈ ਅਤੇ ਮਜ਼ਬੂਤੀ ਨਾਲ ਇਸ ’ਤੇ ਫਤਹਿ ਹਾਸਲ ਕਰਨ ਬਾਰੇ ਚਾਨਣਾ ਪਾਇਆ। ਹਿਨਾ ਖਾਨ ਨੇ ਦਰਸ਼ਕਾਂ ਨੂੰ ਸੁਚੇਤ ਰਹਿਣ ਅਤੇ ਆਪਣੇ ਸਰੀਰ ਦੇ ਸੰਕੇਤਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸੈਲਫ ਡਿਟੈਕਸ਼ਨ ਦੀ ਵਕਾਲਤ ਕੀਤੀ, ਕੈਂਸਰ ਬਾਰੇ ਗੱਲਬਾਤ ਨੂੰ ਆਮ ਬਣਾਉਣ ਅਤੇ ਬਿਨਾਂ ਕਿਸੇ ਡਰ ਦੇ ਇਸਦਾ ਸਾਹਮਣਾ ਕਰਨ ਲਈ ਪ੍ਰੇਰਿਆ। ਸੀਮਾ ਬਾਂਸਲ ਨੇ ਕਿਹਾ ਕਿ ਰੋਗ ਬਾਰੇ ਛੇਤੀ ਪਤਾ ਲਗਾਉਣਾ ਸਫਲ ਇਲਾਜ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਮੈਮੋਗ੍ਰਾਮ ਵਰਗੇ ਸਰਲ, ਪਹੁੰਚਯੋਗ ਟੈਸਟ ਸ਼ੁਰੂਆਤੀ ਪੜਾਅ ’ਤੇ ਕੈਂਸਰ ਤੋਂ ਬਚਾਅ ਸਕਦੇ ਹਨ, ਜਿਸ ਨਾਲ ਬਚਾਅ ਦਰਾਂ ਵਿੱਚ ਕਾਫ਼ੀ ਸੁਧਾਰ ਹੁੰਦਾ ਹੈ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅਕਤੂਬਰ ਦੇ ਵਿਸ਼ਵਵਿਆਪੀ ਮਹੱਤਵ ਨੂੰ ਗੁਲਾਬੀ ਮਹੀਨੇ ਵਜੋਂ ਰੇਖਾਂਕਿਤ ਕੀਤਾ। ਉਨ੍ਹਾਂ ਹਿਨਾ ਖਾਨ ਅਤੇ ਸੀਮਾ ਬਾਂਸਲ ਦਾ ਧੰਨਵਾਦ ਕੀਤਾ। ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਬ੍ਰੈਸਟ ਕੈਂਸਰ ਦੀ ਮੌਤ ਦਰ ਨੂੰ ਘਟਾਉਣ ਲਈ ਸੈਲਫ ਡਿਟੈਕਸ਼ਨ ਸਾਡੇ ਕੋਲ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਇਹ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ, ਜਾਨਾਂ ਬਚਾਉਂਦਾ ਹੈ, ਅਤੇ ਬਚਣ ਦੀ ਦਰ ਨੂੰ ਸਹੀ ਢੰਗ ਨਾਲ ਵਧਾਉਂਦਾ ਹੈ। ਸ੍ਰੀ ਅਰੋੜਾ ਨੇ ਆਪਣੇ ਸਵਰਗਵਾਸੀ ਮਾਪਿਆਂ, ਕ੍ਰਿਸ਼ਨਾ ਅਤੇ ਪ੍ਰਾਣ ਅਰੋੜਾ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਕ੍ਰਿਸ਼ਨਾ ਪ੍ਰਾਣ ਚੈਰੀਟੇਬਲ ਟਰੱਸਟ ਨੇ 350 ਤੋਂ ਵੱਧ ਮਰੀਜ਼ਾਂ ਨੂੰ ਗੋਦ ਲਿਆ ਹੈ ਅਤੇ ਨਿਯਮਤ ਜਾਗਰੂਕਤਾ ਮੁਹਿੰਮਾਂ ਅਤੇ ਮੈਡੀਕਲ ਕੈਂਪ ਚਲਾਉਂਦਾ ਹੈ। ਇਸ ਮੌਕੇ ਡੀ ਐੱਮ ਸੀ ਦੇ ਡਾ. ਗੁਰਪ੍ਰੀਤ ਵਾਂਡਰ, ਡਾ. ਸੰਧਿਆ, ਡਾ. ਬਿਸ਼ਵ ਮੋਹਨ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ, ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ, ਗਲਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਰਾਣੀ, ਪਾਇਲ ਗੋਇਲ, ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਸਿਵਲ ਸਰਜਨ ਡਾ. ਰਮਨਦੀਪ ਕੌਰ, ਰਜਨੀ ਗੁਪਤਾ, ਮਧੂ ਗੁਪਤਾ, ਸੰਜਨਾ, ਇਸ਼ਿਤਾ ਆਦਿ ਮੌਜੂਦ ਸਨ।

