ਲਾਡੋਵਾਲ ਟੌਲ ’ਤੇ ਨੌਜਵਾਨ ਦੇ ਕੇਸਾਂ ਦਸਤਾਰ ਦੀ ਬੇਅਦਬੀ ਦੀ ਨਿਖੇਧੀ
ਧਾਰਮਿਕ, ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਦੇ ਇੱਕ ਵਫ਼ਦ ਨੇ ਅੱਜ ਥਾਣਾ ਲਾਡੋਵਾਲ ਦੇ ਅਧਿਕਾਰੀਆਂ ਨੂੰ ਮਿਲਕੇ ਮੰਗ ਕੀਤੀ ਹੈ ਕਿ ਲਾਡੋਵਾਲ ਟੌਲ ਪਲਾਜ਼ਾ ਦੇ ਉਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇੱਕ ਸਿੱਖ ਨੌਜਵਾਨ ਦੇ ਕੇਸਾਂ ਅਤੇ ਦਸਤਾਰ ਦੀ ਬੇਅਦਬੀ ਕਰਕੇ ਉਸ ਦੀ ਕੁੱਟਮਾਰ ਕੀਤੀ ਹੈ।
ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਲਾਡੋਵਾਲ ਟੌਲ ਪਲਾਜ਼ਾ ਦੇ ਕੁੱਝ ਕਰਮਚਾਰੀਆਂ ਵੱਲੋਂ ਇੱਕ ਸਿੱਖ ਨੌਜਵਾਨ ਦੀ ਜਿੱਥੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਉੱਥੇ ਹੀ ਉਸ ਦੇ ਕੇਸਾਂ ਦੀ ਬੇਅਦਬੀ ਕਰਕੇ ਉਸ ਦੀ ਦਸਤਾਰ ਉਤਾਰ ਕੇ ਜਾਣ ਬੁੱਝ ਕੇ ਪੈਰਾਂ ਹੇਠ ਮਧੋਲੀ ਗਈ ਅਤੇ ਉਸ ਦੇ ਤਿੰਨ ਦੰਦ ਤੋੜ ਦਿੱਤੇ।
ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਸਖ਼ਤ ਸਦਮੇ ਵਿੱਚ ਹੈ ਤੇ ਹਾਲੇ ਵੀ ਹਸਪਤਾਲ ਵਿੱਚ ਦਾਖ਼ਲ ਹੈ। ਵਫ਼ਦ ਵਿੱਚ ਜਥੇਦਾਰ ਜਸਵੰਤ ਸਿੰਘ ਚੀਮਾ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਰੋਸ਼ਨ ਸਿੰਘ ਸਾਗਰ, ਜੇਜੇ ਸਿੰਘ ਅਰੋੜਾ, ਕੈਪਟਨ ਮਲਕੀਤ ਸਿੰਘ ਵਾਲੀਆ, ਸੁਖਦੇਵ ਸਿੰਘ ਕਨੀਜ਼ਾ, ਕਰਮਜੀਤ ਸਿੰਘ ਸੰਧੂ, ਗੁਰਦੁਆਰਾ ਸੁਭਾਸ਼ ਨਗਰ ਦੇ ਪ੍ਰਧਾਨ ਭੁਪਿੰਦਰ ਸਿੰਘ, ਜਗਦੇਵ ਸਿੰਘ ਭੁੱਲਰ, ਅਜਮੇਰ ਸਿੰਘ ਚੌਹਾਨ ਅਤੇ ਰੋਸ਼ਨ ਸਿੰਘ ਸਰਪੰਚ ਮੁੱਖ ਬੁਲਾਰਾ ਨੇ ਇਸ ਘਟਨਾ ਸਬੰਧੀ ਟੌਲ ਪਲਾਜ਼ਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਾਰੀ ਗੱਲਬਾਤ ਕੀਤੀ। ਉਨ੍ਹਾਂ ਲਾਡੋਵਾਲ ਥਾਣੇ ਦੇ ਮੁੱਖ ਅਫ਼ਸਰ ਨਾਲ ਵੀ ਮੁਲਾਕਾਤ ਕਰਕੇ ਉਕਤ ਮੁਲਾਜ਼ਮਾਂ ਖ਼ਿਲਾਫ਼ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਥਾਣਾ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਮੁਕੰਮਲ ਪੜਤਾਲ ਕਰਵਾਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨਗੇ।