ਪੀ ਟੀ ਐੱਮ ਦੌਰਾਨ ਮਾਪਿਆਂ ਦਾ ਬਲੈੱਡ ਪ੍ਰੈਸ਼ਰ ਚੈੱਕ ਕਰਨ ਦੇ ਨਿਰਦੇਸ਼ ਦੀ ਨਿਖੇਧੀ
ਅਧਿਆਪਕਾਂ ’ਤੇ ਗ਼ੈਰ ਵਿਦਿਅਕ ਜ਼ਿੰਮੇਵਾਰੀਆਂ ਪਾਉਣਾ ਗ਼ਲਤ: ਡੀ ਟੀ ਐੱਫ
ਪੀਟੀਐਮ ਵਿੱਚ ਮਿਸ਼ਨ ਸਵਸਥ ਕਵਚ ਅਧੀਨ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਦਾ ਬਲੱਡ ਪ੍ਰੈਸ਼ਰ ਚੈੱਕ ਕਰਨ ਦੇ ਇੱਕ ਚਿੱਠੀ ਰਾਹੀਂ ਦਿੱਤੇ ਨਿਰਦੇਸ਼ਾਂ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ, ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਅਤੇ ਵਿੱਤ ਸਕੱਤਰ ਮਨਪ੍ਰੀਤ ਸਿੰਘ ਸਮਰਾਲਾ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਸਕੂਲਾਂ ਦੇ ਅਧਿਆਪਕ ਤਾਂ ਪਹਿਲਾਂ ਹੀ ਗੈਰ ਵਿਦਿਅਕ ਕੰਮਾਂ ਦੇ ਬੋਝ ਥੱਲੇ ਦੱਬੇ ਹੋਏ ਹਨ। ਉਹ ਬਹੁਤ ਮਿਹਨਤ ਕਰਕੇ ਸਮੇਂ ਵਿੱਚੋਂ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਹੁਣ ਸਰਕਾਰ ਵੱਲੋਂ ਇੱਕ ਹੋਰ ਗੈਰ ਵਿਦਿਅਕ ਕੰਮ ਉਨ੍ਹਾਂ ਨੂੰ ਸੌਂਪ ਦਿੱਤਾ ਹੈ। ਪੰਜਾਬ ਵਿੱਚ ਡਿਸਪੈਂਸਰੀਆਂ ਆਮ ਆਦਮੀ ਕਲੀਨਕ, ਹੈਲਥ ਸੈਂਟਰ ਅਤੇ ਹੋਰ ਸਰਕਾਰੀ ਅਦਾਰੇ ਲੋਕਾਂ ਦੀ ਸਿਹਤ ਦੀ ਜਾਂਚ ਲਈ ਮੌਜੂਦ ਹਨ। ਜੇਕਰ ਸਰਕਾਰ ਨੂੰ ਲੋਕਾਂ ਦੀ ਸਿਹਤ ਦਾ ਬਹੁਤ ਜਿਆਦਾ ਫਿਕਰ ਹੈ ਤਾਂ ਉਹਨਾਂ ਵੱਲੋਂ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰਵਾਈ ਜਾ ਸਕਦੀ ਹੈ। ਅਧਿਆਪਾਂ ਨੂੰ ਡੀਐਮਸੀ ਲੁਧਿਆਣਾ ਵਿਖੇ ਬੀਪੀ ਚੈਕ ਕਰਨ ਅਤੇ ਹਾਰਟ ਅਟੈਕ ਸਮੇਂ ਮੁੱਢਲੀ ਸਹਾਇਤਾ ਦੇਣ ਦੀ ਟ੍ਰੇਨਿੰਗ ਕਰਵਾਈ ਗਈ ਸੀ। ਅਧਿਆਪਕ ਇਸ ਸਬੰਧੀ ਜਾਣਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਦੇ ਚੁੱਕੇ ਹਨ। ਡੀਟੀਐਫ ਪੰਜਾਬ, ਅਧਿਆਪਕਾਂ ਉਪਰ ਵਾਧੂ ਬੋਝ ਪਾਉਣ ਦੀ ਸਖਤ ਨਿਖੇਧੀ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹ ਚਿੱਠੀ ਤੁਰੰਤ ਵਾਪਸ ਲਈ ਜਾਵੇ। ਇਸ ਸਮੇਂ ਬਲਵੀਰ ਸਿੰਘ ਬਾਸੀਆ, ਜਸਵਿੰਦਰ ਸਿੰਘ ਐਤੀਆਣਾ, ਪਰਮਿੰਦਰ ਸਿੰਘ ਮਲੌਦ, ਅਵਤਾਰ ਸਿੰਘ ਖਾਲਸਾ, ਰਜਿੰਦਰ ਜੰਡਿਆਲੀ, ਰਾਕੇਸ਼ ਪੁਹੀੜ, ਜੰਗਪਾਲ ਸਿੰਘ ਰਾਏਕੋਟ, ਅਮਨਦੀਪ ਵਰਮਾ ਅਤੇ ਹੋਰ ਆਗੂ ਹਾਜ਼ਰ ਸਨ।