ਕਿਸਾਨ ਆਗੂ ਖ਼ਿਲਾਫ਼ ਕੇਸ ਦਰਜ ਕਰਨ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਜੁਲਾਈ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਸਵੱਦੀ ਕਲਾਂ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਜਗਰਾਉਂ ਵਿਖੇ ਧਰਨਾ ਲਾਉਣ ਵਾਲੇ ਮੁੱਖ ਪ੍ਰਬੰਧਕ ਦੀਦਾਰ ਸਿੰਘ ਮਲਕ ਖ਼ਿਲਾਫ਼ ਪੁਲੀਸ ਵੱਲੋਂ ਮਾਮਲਾ ਦਰਜ ਕਰਨ ਦੀ ਨਿਖੇਧੀ ਕੀਤੀ ਗਈ। ਸਕੱਤਰ ਜਸਦੇਵ ਸਿੰਘ ਲਲਤੋਂ, ਬਲਜੀਤ ਸਿੰਘ ਸਵੱਦੀ, ਰਣਜੀਤ ਸਿੰਘ ਗੁੜੇ, ਗੁਰਮੇਲ ਸਿੰਘ ਢੱਟ, ਗੁਰਮੇਲ ਸਿੰਘ ਕੁਲਾਰ ਨੇ ਕਿਹਾ ਕਿ ਪਿੰਡ ਮਲਕ, ਪੋਨਾ ਤੇ ਅਲੀਗੜ੍ਹ ਦੀ ਸੈਂਕੜੇ ਏਕੜ ਜ਼ਮੀਨ ਇਸ ਨੀਤੀ ਦੀ ਮਾਰ ਹੇਠ ਆ ਰਹੀ ਹੈ।
ਇਨ੍ਹਾਂ ਪਿੰਡਾਂ ਦੇ ਪੀੜਤ ਕਿਸਾਨ ਹੋਰ ਪਿੰਡ ਵਾਸੀਆਂ ਨਾਲ ਮਿਲ ਕੇ ਸੰਘਰਸ਼ ਵਿੱਢੀ ਬੈਠੇ ਹਨ। ਪਿੰਡ ਮਲਕ ਦਾ ਦੀਦਾਰ ਸਿੰਘ ਢਿੱਲੋਂ ਵੀ ਇਨ੍ਹਾਂ ਹੀ ਕਿਸਾਨਾਂ ਵਿੱਚੋਂ ਇਕ ਹੈ ਜਿਸ ਦੀ ਜ਼ਮੀਨ 'ਤੇ ਇਹ ਨੀਤੀ ਲਾਗੂ ਹੋਈ ਹੈ। ਇਸ ਰੋਸ ਵਿੱਚ ਉਹ ਧਰਨੇ ਮੁਜ਼ਾਹਰੇ ਕਰ ਰਹੇ ਹਨ ਤੇ ਪੁਲੀਸ ਨੇ ਚਾਰ ਮਹੀਨੇ ਪੁਰਾਣੀ ਇਕ ਗਾਲੀ ਗਲੋਚ ਵਾਲੀ ਸ਼ਿਕਾਇਤ ’ਤੇ ਹੁਣ ਪਰਚਾ ਦਰਜ ਕੀਤਾ ਹੈ। ਉਨ੍ਹਾਂ ਇਸ ਕਾਰਵਾਈ ਨੂੰ ਬਦਲਾਲਊ ਕਰਾਰ ਦਿੱਤਾ ਅਤੇ ਪਰਚਾ ਫੌਰੀ ਰੱਦ ਕਰਨ ਦੀ ਮੰਗ ਕੀਤੀ। ਜਥੇਬੰਦੀ ਨੇ ਉਜਾੜਾ ਰੋਕੂ ਸਾਂਝੇ ਘੋਲ ਵਿੱਚ ਸ਼ਮੂਲੀਅਤ ਜਾਰੀ ਰੱਖਣ ਦਾ ਅਹਿਦ ਦੁਹਰਾਇਆ।