ਅੰਮ੍ਰਿਤਧਾਰੀ ਸਰਪੰਚ ਨੂੰ ਸ੍ਰੀ ਸਾਹਿਬ ਉਤਾਰਨ ਲਈ ਮਜਬੂਰ ਕਰਨ ਦੀ ਨਿਖੇਧੀ
ਯੂਨਾਈਟਿਡ ਸਿੱਖਜ਼ ਨੇ ਇਤਿਹਾਸਕ ਲਾਲ ਕਿਲ੍ਹਾ ਦਿੱਲੀ ਵਿੱਚ 79ਵੇਂ ਸੁਤੰਰਤਾ ਦਿਵਸ ਸਮਾਗਮ ਦੌਰਾਨ ਸੁਰੱਖਿਆ ਅਧਿਕਾਰੀਆਂ ਵੱਲੋਂ ਪੰਜਾਬ ਤੋ ਆਏ ਅੰਮ੍ਰਿਤਧਾਰੀ ਸਰਪੰਚ ਨੂੰ ਆਪਣੀ ਸ੍ਰੀ ਸਾਹਿਬ ਉਤਰਾਨ ਲਈ ਮਜਬੂਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੇਸ਼ ਦੇ ਸੰਵਿਧਾਨ ਦੀ ਕੀਤੀ ਗਈ ਉਲੰਘਣਾ ਪ੍ਰਤੀ ਸਮੁੱਚੀ ਸਿੱਖ ਕੌਮ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ।
ਯੂਨਾਈਟਿਡ ਸਿੱਖਜ਼ ਪੰਜਾਬ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਅੱਜ ਇੱਥੇ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਸਰਪੰਚ ਨੂੰ ਕਿਰਪਾਨ ਨਾਲ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਹੋਏ ਸੁਤੰਤਰਤਾ ਦਿਵਸ ਸਮਾਗਮ ਅੰਦਰ ਦਾਖ਼ਲ ਹੋਣ ਤੋਂ ਰੋਕਣ ਵਾਲੇ ਸੁਰੱਖਿਆ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਹਨ। ਜੋ ਸਿੱਧੇ ਰੂਪ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਤੇ ਜ਼ਲੀਲ ਕਰਨ ਵਾਲੀਆਂ ਫ਼ਿਰਕਾਪ੍ਰਸਤੀ ਵਾਲੀਆਂ ਕਾਰਵਾਈਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਸਰਕਾਰ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰ ਰਹੀ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਧਾਰਮਿਕ ਮਾਨਤਾਵਾਂ ਦੀ ਰਾਖੀ ਕਰਨ ਦੀ ਆਜ਼ਾਦੀ ਹੈ ਪਰ ਇਸ ਦੇ ਬਾਵਜ਼ੂਦ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ‘ਤੇ ਸਵਾਲ ਉਠਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਮੋਦੀ ਸਰਕਾਰ ਅਤੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਕੇ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕਰਨਗੇ।