ਕਿਤਾਬਾਂ ’ਤੇ ਪਾਬੰਦੀ ਲਾਉਣ ਦੀ ਨਿਖੇਧੀ
ਅਵਾਮੀ ਰੰਗ ਮੰਚ (ਪਲਸ ਮੰਚ) ਸਿਹੌੜਾ ਵੱਲੋਂ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ 25 ਕਿਤਾਬਾਂ ਉੱਪਰ ਪਾਬੰਦੀ ਲਾ ਕੇ ਉਨ੍ਹਾਂ ਨੂੰ ਜ਼ਬਤ ਕਰਨ ਦੇ ਹੁਕਮਾਂ ਦੀ ਨਿਖੇਧੀ ਕੀਤੀ ਗਈ ਹੈ। ਅਵਾਮੀ ਰੰਗ ਮੰਚ ਦੇ ਆਗੂ ਸ਼ੈਰੀ ਸਿਹੋੜਾ ਤੇ ਪਾਵੇਲ ਸਿਹੋੜਾ ਨੇ ਕਿਹਾ ਕਿ ਇਹ ਕਿਤਾਬਾਂ ਇਨਾਮ ਜੇਤੂ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਸਣੇ ਤਾਰਿਕ ਅਲੀ, ਏਜੇ ਨੂਰਾਨੀ, ਅਨੁਰਾਧਾ ਭਸੀਨ, ਸੁਮਾਂਤਰਾ ਬੋਸ, ਕ੍ਰਿਸਟੋਫਰ ਸਨੇਡਨ, ਰਾਧਿਕਾ ਗੁਪਤਾ, ਸੀਮਾ ਕਾਜ਼ੀ, ਡਾ. ਅਬਦੁਲ ਜੱਬਰ ਦੀਆਂ ਲਿਖੀਆਂ ਹੋਈਆਂ ਹਨ। ਇਨ੍ਹਾਂ ਕਿਤਾਬਾਂ ਨੂੰ ‘ਝੂਠੇ ਬਿਰਤਾਂਤ’ ਅਤੇ ‘ਵੱਖਵਾਦ’ ਨੂੰ ਪ੍ਰਚਾਰਨ ਵਾਲਾ ‘ਗੁਮਰਾਹਕੁੰਨ’ ਸਾਹਿਤ ਕਰਾਰ ਦੇ ਕੇ ਪਾਬੰਦੀ ਲਾਉਣਾ ਭਾਜਪਾ ਸਰਕਾਰ ਦੀ ਫਾਸ਼ੀਵਾਦੀ ਮਾਨਸਿਕਤਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਹ ਕਸ਼ਮੀਰੀਆਂ ਨਾਲ ਹੋਏ ਧੱਕੇ ਤੇ ਵਿਤਕਰੇ ਦੇ ਦਸਤਾਵੇਜ਼ੀ ਸਬੂਤਾਂ ਨੂੰ ਮਿਟਾਉਣ ਅਤੇ ਕਸ਼ਮੀਰੀ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਤੋਂ ਉਨ੍ਹਾਂ ਦਾ ਇਤਿਹਾਸ ਖੋਹਣ ਦਾ ਯਤਨ ਹੈ। ਇਸ ਮੌਕੇ ਮਨਪ੍ਰੀਤ ਗੋਰਾ, ਗੁਰਸ਼ਰਨ ਸਿੰਘ, ਹਰਜੋਤ ਸਿੰਘ ਜੋਤ, ਗੁਰਵਿੰਦਰ ਸਿੰਘ, ਕੁਲਦੀਪ ਸਿਹੌੜਾ, ਜਸਕੀਰਤ ਸਿਹੌੜਾ ਆਦਿ ਹਾਜ਼ਰ ਸਨ।