ਗਾਇਕ ਬੱਬੂ ਮਾਨ ਖ਼ਿਲਾਫ਼ ਸ਼ਿਕਾਇਤ
ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਮਾਤਾ ਚਿੰਤਪੁਰਨੀ ਦਰਬਾਰ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਕਥਿਤ ਤੌਰ ’ਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ’ਤੇ ਸ਼ਹਿਰ ਦੇ ਹਿੰਦੂ ਸੰਗਠਨਾਂ ਵਿੱਚ ਰੋਸ ਹੈ। ਸੰਗਠਨਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਕਰਵਾਏ...
ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਮਾਤਾ ਚਿੰਤਪੁਰਨੀ ਦਰਬਾਰ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਕਥਿਤ ਤੌਰ ’ਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ’ਤੇ ਸ਼ਹਿਰ ਦੇ ਹਿੰਦੂ ਸੰਗਠਨਾਂ ਵਿੱਚ ਰੋਸ ਹੈ। ਸੰਗਠਨਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਇਸ ਸਮਾਗਮ ਮਾਤਾ ਚਿੰਤਪੁਰਨੀ ਤੋਂ ਲਿਆਂਦੀ ਗਈ ਜੋਤ ਦੀ ਸਥਾਪਨਾ ਅਤੇ ਦਰਬਾਰ ਦਾ ਸਟੇਜ ਤਿਆਰ ਹੋਣ ਦੇ ਬਾਵਜੂਦ ਬੱਬੂ ਮਾਨ ਨੇ ਅਸ਼ਲੀਲ, ਸ਼ਰਾਬ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਸੰਗਠਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ 15 ਅਤੇ 16 ਨਵੰਬਰ ਨੂੰ ਹੋਏ ਪ੍ਰੋਗਰਾਮ ਵਿੱਚ ਨਾ ਤਾਂ ਭਜਨ ਗਾਏ ਗਏ ਅਤੇ ਨਾ ਹੀ ਉਥੇ ਧਾਰਮਿਕ ਮਾਹੌਲ ਸੀ। ਜੈ ਮਾਂ ਲੰਗਰ ਸੇਵਾ ਸਮਿਤੀ ਅਤੇ ਡੇਰਾ ਮੱਸਾ ਭਾਈ ਪੜਦੀਨ ਨੇ ਬੱਬੂ ਮਾਨ ਅਤੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਹਿੰਦੂ ਸੰਗਠਨ ਦੇ ਮੈਂਬਰ ਬਾਦਲ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਨ੍ਹਾਂ ਨੇ ਬੱਬੂ ਮਾਨ ਤੇ ਸਮਾਗਮ ਕਰਵਾਉਣ ਵਾਲੇ ਪ੍ਰਬਧੰਕਾਂ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸਵਾਮੀ ਅਮਰੇਸ਼ਵਰ ਦਾਸ ਨੇ ਕਿਹਾ ਕਿ ਜੇਕਰ ਇਸ ਸਮਾਗਮ ਨੂੰ ਮਾਂ ਚਿੰਤਪੂਰਨੀ ਜਗਰਾਤੇ ਦਾ ਨਾਮ ਨਾ ਦਿੱਤਾ ਜਾਂਦਾ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬੱਬੂ ਮਾਨ ਨੇ ਦੇਵੀ ਮਾਂ ਦੀ ਉਸਤਤ ਕਰਨ ਵਾਲਾ ਇੱਕ ਵੀ ਗੀਤ ਨਹੀਂ ਗਾਇਆ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜਾਂਚ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।

