ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ ਵਿੱਚ ਵਿੱਤ ਵਿਭਾਗ ਵੱਲੋਂ ਸੂਬੇ ਦੇ 136 ਏਡਿਡ ਕਾਲਜ ਅਧਿਆਪਕਾਂ ਦੀ ਮਾਰਚ ਮਹੀਨੇ ਤੋਂ ਪੈਂਡਿੰਗ ਸੈਲਰੀ ਗ੍ਰਾਂਟ ਜਾਰੀ ਨਾ ਕਰਨ ਕਰਕੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕਾ ਦਿੜ੍ਹਬਾ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਲੁਧਿਆਣਾ ਜ਼ਿਲ੍ਹਾ ਪ੍ਰਧਾਨ ਡਾ. ਚਮਕੌਰ ਸਿੰਘ ਨੇ ਦੱਸਿਆ ਕਿ ਮੀਟਿੰਗ ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ 38 ਕਾਲਜਾਂ ਦੇ ਸੈਲਰੀ ਗ੍ਰਾਂਟ ਦੇ ਬਿਲ ਮਾਰਚ ਮਹੀਨੇ ਅਤੇ 93 ਕਾਲਜਾਂ ਦੀ ਸੈਲਰੀ ਗ੍ਰਾਂਟ ਦੇ ਬਿਲ ਅਗਸਤ ਮਹੀਨੇ ਤੋਂ ਵਿੱਤ ਵਿਭਾਗ ਵਿੱਚ ਪੈਂਡਿੰਗ ਪਏ ਹਨ, ਜਿਸ ਕਾਰਨ ਅਧਿਆਪਕ ਪਿਛਲੇ ਕਈ ਕਈ ਮਹੀਨਿਆਂ ਤੋਂ ਤਨਖਾਹ ਨੂੰ ਤਰਸ ਰਹੇ ਹਨ। ਡਾ. ਵਿਨੇ ਸੋਫਤ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਫਾਇਨਾਂਸ ਸੈਕਟਰੀ, ਸੈਕਟਰੀ ਐਜੂਕੇਸ਼ਨ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਗੱਲਬਾਤ ਹੋ ਰਹੀ ਹੈ ਪਰ ਸਰਕਾਰੀ ਅਮਲੇ ਵੱਲੋਂ ਇਸ ਸੰਬੰਧੀ ਕੋਈ ਪੁਖ਼ਤਾ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ।
ਡਾ. ਚਮਕੌਰ ਸਿੰਘ ਨੇ ਕਿਹਾ ਕਿ ਜੇਕਰ ਮੰਗ ਨਾ ਮੰਨੀ ਤਾਂ 12 ਦਸੰਬਰ ਨੂੰ ਵਿੱਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।

