ਨਿੱਜੀ ਪੱਤਰ ਪ੍ਰੇਰਕ
ਮਲੌਦ, 9 ਜੁਲਾਈ
ਨਸ਼ਿਆਂ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਅਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਆੜ੍ਹ ਦੇ ਖੇਡ ਮੈਦਾਨ ਵਿੱਚ ਵੱਖ-ਵੱਖ ਖੇਡਾਂ ਦੀ ਕੋਚਿੰਗ ਸ਼ੁਰੂ ਕੀਤੀ ਗਈ ਹੈ।
‘ਆਪ’ ਦੇ ਕਨਵੀਨਰ ਤੇ ਸਰਪੰਚ ਪਰਗਟ ਸਿੰਘ ਸਿਆੜ੍ਹ ਨੇ ਦੱਸਿਆ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਅਥਲੈਟਿਕਸ, ਫੁਟਬਾਲ, ਵਾਲੀਬਾਲ ਅਤੇ ਕਬੱਡੀ ਦੇ ਗੁਰ ਦੱਸਣ ਲਈ ਕੋਚ ਸਾਹਿਬਾਨ ਵੱਲੋਂ ਸਵੇਰੇ ਸ਼ਾਮ ਅਭਿਆਸ ਕਰਵਾਇਆ ਜਾਵੇਗਾ, ਜਿਸ ਦਾ ਸਮਾਂ ਸਵੇਰੇ ਸਾਢੇ ਪੰਜ ਤੋਂ ਅੱਠ ਵਜੇ ਤੱਕ ਅਤੇ ਸਾਮਾਨ ਸਾਢੇ ਪੰਜ ਤੋਂ ਸਾਮ ਸਾਢੇ ਸੱਤ ਵਜੇ ਤੱਕ ਹੋਵੇਗਾ। ਉਹਨਾਂ ਦੱਸਿਆ ਕਿ ਕੋਚਿੰਗ ਦੀਆਂ ਸੇਵਾਵਾਂ ਕੋਚ ਗੁਰਜੀਤ ਸਿੰਘ, ਡੀਪੀਈ ਸਰਨਜੀਤ ਕੌਰ ਵੱਲੋਂ ਨਿਭਾਈਆਂ ਜਾ ਰਹੀਆਂ ਹਨ। ਇਸ ਸਮੇਂ ਸਰਕਾਰੀ ਸੀਨੀਅਰ ਸਮਾਰਟ ਸਕੂਲ ਸਿਆੜ੍ਹ ਦੀਆਂ ਬੱਚੀਆਂ ਨੂੰ ਸਕੂਲ ਲਿਆਉਣ ਲਈ ਲਗਾਈ ਬੱਸ ਦੇ ਖਰਚਿਆਂ ਨੂੰ ਧਿਆਨ ਚ' ਰੱਖਦਿਆਂ ਸਰਪੰਚ ਪਰਗਟ ਸਿੰਘ ਸਿਆੜ੍ਹ ਨੇ 30 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਹੈ। ਇਸ ਸਮੇ ਸਕੂਲ ਦੇ ਇੰਚਾਰਜ ਸੁਖਵਿੰਦਰ ਸਿੰਘ, ਅਧਿਆਪਕ ਬਲਜਿੰਦਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਦੀ ਸਿਖਲਾਈ ਦੇਣ ਵਾਲੇ ਕੋਚ ਸਾਹਿਬਾਨ ਦੀ ਸਰਾਹਨਾ ਕੀਤੀ ਅਤੇ ਸਰਪੰਚ ਪਰਗਟ ਸਿੰਘ ਸਿਆੜ ਦਾ ਮਾਲੀ ਮਦਦ ਕਰਨ ਤੇ ਧੰਨਵਾਦ ਕੀਤਾ। ਅੰਤ ਵਿੱਚ ਕੋਚ ਸਾਹਿਬਾਨ ਨੇ ਕਿਹਾ ਕਿ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਖੇਡਾਂ ਦੀ ਕੋਚਿੰਗ ਲੈਣ ਲਈ ਸਿਆੜ ਗਰਾਉਂਡ ਵਿੱਚ ਆ ਸਕਦੇ ਹਨ।

