ਨਗਰ ਨਿਗਮ ਵੱਲੋਂ ਸ਼ਾਸਤਰੀ ਬੈਡਮਿੰਟਨ ਹਾਲ ਨੂੰ ਬੰਦ ਕੀਤੇ ਜਾਣ ਦੀ ਖ਼ਬਰ ਮਗਰੋਂ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਪਾਰਟੀ ਆਗੂਆਂ ਨਾਲ ਗੁਰੂ ਨਾਨਕ ਸਟੇਡੀਅਮ ਪਹੁੰਚੇ। ਸ੍ਰੀ ਦੀਵਾਨ ਨੇ ਕਿਹਾ ਕਿ ਕਿਸੇ ਵੀ ਵਿਵਾਦ ਦੀ ਸਜ਼ਾ ਖਿਡਾਰੀਆਂ ਨੂੰ ਨਹੀਂ ਮਿਲਣੀ ਚਾਹੀਦੀ ਤੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਬੈਡਮਿੰਟਨ ਹਾਲ ਖੋਲ੍ਹਿਆ ਜਾਵੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਦੀਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਖਿਡਾਰੀਆਂ ਦੇ ਮਾਪਿਆਂ ਦੇ ਫੋਨ ਆ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਹੁਣ ਮੁਕਾਬਲਿਆਂ ਲਈ ਤਿਆਰੀ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਨਿਗਮ ਦਾ ਇਹ ਫ਼ੈਸਲਾ ਸਰਾਸਰ ਖਿਡਾਰੀਆਂ ਨਾਲ ਧੱਕਾ ਹੈ।
ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਵਿੱਚ ਜਲੰਧਰ ਵਿੱਚ ਹੋਣ ਵਾਲੇ ਸੂਬਾ ਪੱਧਰੀ ਰੈਕਿੰਗ ਟੂਰਨਾਮੈਂਟ ਦੀਆਂ ਤਿਆਰੀਆਂ ਕਰ ਰਹੇ ਖਿਡਾਰੀਆਂ ’ਤੇ ਇਸ ਫ਼ੈਸਲਾ ਦਾ ਮਾਰੂ ਪ੍ਰਭਾਵ ਪਵੇਗਾ। ਇਸ ਤੋਂ ਇਲਾਵਾ ਪੰਚਕੁਲਾ ਵਿੱਚ ਵੀ ਆਲ ਇੰਡੀਆ ਰੈਂਕਿੰਗ ਟੂਰਨਾਮੈਂਟ ਹੋਣਾ ਹੈ ਤੇ ਮਗਰੋਂ ਜਲੰਧਰ ਵਿੱਚ ਸਬ-ਜੂਨੀਅਰ ਅੰਡਰ-15 ਤੇ ਅੰਡਰ-17 ਦੇ ਟੂਰਨਾਮੈਂਟ ਹੋਣੇ ਹਨ। ਮਾਪਿਆਂ ਨੇੇ ਦੱਸਿਆ ਕਿ ਅਕੈਡਮੀ ਵਿੱਚ ਅਭਿਆਸ ਕਰ ਰਹੇ ਸ਼ੱਟਲਰਾਂ ਨੇ ਬੀਤੇ ਦਿਨੀਂ ਜਲੰਧਰ ਵਿੱਚ ਹੋਏ ਰੈਂਕਿੰਗ ਟੂਰਨਾਮੈਂਟ ਵਿਚ 4 ਸੋਨੇ, 2 ਚਾਂਦੀ ਅਤੇ 6 ਕਾਂਸੀ ਦੇ ਤਗ਼ਮੇ ਜਿੱਤੇ ਹਨ। ਉਨ੍ਹਾਂ ਤੁਰੰਤ ਹਾਲ ਮੁੜ ਖੋਲ੍ਹਣ ਦੀ ਮੰਗ ਕੀਤੀ।