ਥਰੀਕੇ ਵਿੱਚ ਸਫ਼ਾਈ ਮੁਹਿੰਮ ਤੇ ਨਸ਼ਾ ਛੁਡਾਊ ਸੈਮੀਨਾਰ
ਨਸ਼ਾ ਖ਼ਤਮ ਕਰਨ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਰੈਲੀ
ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ (ਜੀਜੀਐਨਆਈਐਮਟੀ), ਸਿਵਲ ਲਾਈਨਜ਼ ਦੇ ਐੱਨਐੱਸਐੱਸ ਯੂਨਿਟ ਅਤੇ ਰੈੱਡ ਰਿੱਬਨ ਕਲੱਬ ਵੱਲੋਂ ਥਰੀਕੇ ਪਿੰਡ ਵਿੱਚ ਸਫ਼ਾਈ ਮੁਹਿੰਮ ਅਤੇ ਨਸ਼ਾ ਮੁਕਤੀ ਸੈਮੀਨਾਰ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਥਰੀਕੇ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ 50 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਨਸ਼ਾ ਖ਼ਤਮ ਕਰਨ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਰੈਲੀ ਕੱਢ ਕੇ ਤੰਦਰੁਸਤ ਅਤੇ ਜ਼ਿੰਮੇਵਾਰ ਜੀਵਨ ਸ਼ੈਲੀ ਦਾ ਸੁਨੇਹਾ ਦਿੱਤਾ ਗਿਆ। ਐੱਨਐੱਸਐੱਸ ਸੇਵਾਦਾਰਾਂ ਨੇ ਸਕੂਲ ਅਤੇ ਉਸ ਦੇ ਆਸ-ਪਾਸ ਦੀ ਸਫ਼ਾਈ ਕਰਕੇ ਵਸਨੀਕਾਂ ਨੂੰ ਸਫ਼ਾਈ ਬਣਾਈ ਰੱਖਣ ਅਤੇ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਲਈ ਪ੍ਰੇਰਿਤ ਕੀਤਾ।
ਪ੍ਰੋ. ਜਗਮੀਤ ਸਿੰਘ (ਐਨਐਸਐਸ ਕੋਆਰਡੀਨੇਟਰ) ਨੇ ਸਫ਼ਾਈ ਦੀ ਮਹੱਤਤਾ ਅਤੇ ਨਸ਼ੇ ਦੇ ਹਾਨੀਕਾਰਕ ਪ੍ਰਭਾਵਾਂ ਉੱਤੇ ਚਾਨਣ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਸਾਫ਼-ਸੁਥਰੇ ਵਾਤਾਵਰਨ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਪ੍ਰੋ. ਹਨੀ ਚਾਵਲਾ ਨੇ ਖਾਣ-ਪੀਣ ਦੀ ਬਰਬਾਦੀ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਵਿਦਿਆਰਥੀਆਂ ਨੂੰ ਸਮਝਦਾਰੀ ਨਾਲ ਭੋਜਨ ਦੀ ਖ਼ਪਤ ਕਰਨ ਅਤੇ ਡਿਸਪੋਜ਼ੇਬਲ ਬਰਤਨਾਂ ਦੇ ਵਰਤੋਂ ਵਿੱਚ ਟਿਕਾਊ ਆਦਤਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ।
ਥਰੀਕੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਸਿੰਘ ਨੇ ਜੀਜੀਐਨਆਈਐਮਟੀ ਦੀ ਐਨਐਸਐਸ ਯੂਨਿਟ ਅਤੇ ਰੈੱਡ ਰਿੱਬਨ ਕਲੱਬ ਦਾ ਧੰਨਵਾਦ ਕੀਤਾ। ਪ੍ਰੋ. ਮਨਜੀਤ ਸਿੰਘ ਛਾਬੜਾ (ਡਾਇਰੈਕਟਰ, ਜੀਜੀਐਨਆਈਐਮਟੀ) ਨੇ ਐਨਐਸਐਸ ਟੀਮ ਨੂੰ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਉਨ੍ਹਾਂ ਦੀ ਸਮਰਪਣ ਅਤੇ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਸੇਵਾਦਾਰਾਂ ਨੂੰ ਸਮਾਜਕ ਮੁੱਦਿਆਂ ਲਈ ਪ੍ਰਭਾਵਸ਼ਾਲੀ ਯੋਗਦਾਨ ਦੇਣ ਲਈ ਉਤਸ਼ਾਹਿਤ ਕੀਤਾ।