ਦਿ ਕਲਾਸ ਫ਼ੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦੀ ਮੀਟਿੰਗ ਯੂਨੀਅਨ ਪ੍ਰਧਾਨ ਵਿਨੋਦ ਕੁਮਾਰ ਦੀ ਅਗਵਾਈ ਹੇਠ ਅੱਜ ਇਥੇ ਹੋਈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਸ਼ਾਮਲ ਮੁਲਾਜ਼ਮ ਆਗੂਆਂ ਨੇ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ।
ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੀਆਂ ਯੂਨੀਅਨ ਆਗੂਆਂ ਨੇ ਪੀਡਬਲਿਊਡੀ ਵਿਭਾਗ ਵਿੱਚ ਬੇਲਦਾਰਾਂ ਨਾਲ ਜੇਈ ਵੱਲੋਂ ਕੀਤੇ ਮਾੜੇ ਸਲੂਕ ਦੀ ਯੂਨੀਅਨ ਵੱਲੋਂ ਨਿਖੇਧੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ’ਚ ਅਜਿਹਾ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰ ’ਤੇ ਸੰਘਰਸ਼ ਉਲੀਕਿਆ ਜਾਵੇਗਾ। ਯੂਨੀਅਨ ਦੇ ਜਰਨਲ ਸਕੱਤਰ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ 10 ਅਗਸਤ ਦੀ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਚੰਡੀਗੜ੍ਹ ਸ਼ਾਖਾ ਦੀ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਵਿੱਚ ਵੱਡੀ ਪੱਧਰ ’ਤੇ ਕਲਾਸ ਫ਼ੋਰ ਗੌਰਮਿੰਟ ਐਂਪਲਾਈਜ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਸਾਥੀ ਸ਼ਾਮਲ ਹੋਣਗੇ।
ਇਸੇ ਤਰ੍ਹਾਂ 14, 15 ਅਗਸਤ ਨੂੰ ਭੁੱਖ ਹੜਤਾਲ ਕਰਕੇ ਝੰਡਾ ਲਹਿਰਾਉਣ ਆਉਣ ਵਾਲੇ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰਾਂ ਦਾ ਕੰਮ ਕਰਮਚਾਰੀਆਂ ਤੋਂ ਨਾਂ ਲਿਆ ਜਾਵੇ, ਜੀਪੀਫੰਡ ਦੀਆਂ ਸਟੇਟਮੈਂਟਾਂ ਦਿੱਤੀਆਂ ਜਾਣ, ਵਰਦੀਆਂ ਸਮੇਂ ਸਿਰ ਦਿਤੀਆਂ ਜਾਣ, ਬੇਲਦਾਰਾਂ ਤੋਂ ਤਰੱਕੀ ਰਾਹੀਂ ਮੇਟ ਬਣਾਏ ਜਾਣ, 4,9 ਅਤੇ 14 ਏਪੀਸੀ ਸਕੀਮ ਲਾਗੂ ਕੀਤੀ ਜਾਵੇ, ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਡੀਏ ਦੀਆਂ ਕਿਸ਼ਤਾਂ ਅਤੇ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ, ਘੱਟੋ ਘੱਟ ਉਜਰਤ 26000 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਆਦਿ ਮੰਗਾਂ ਦੀ ਮੰਗ ਕੀਤੀ। ਅੱਜ ਦੀ ਮੀਟਿੰਗ ਵਿੱਚ ਬਲਾਕ ਪ੍ਰਧਾਨ ਜ਼ੋਰਾਂ ਸਿੰਘ ਮਨਸੂਰਾਂ, ਜੀਤ ਸਿੰਘ, ਅਸ਼ੋਕ ਕੁਮਾਰ ਮੱਟੂ, ਪਰਮਜੀਤ ਸਿੰਘ, ਰਣਜੀਤ ਸਿੰਘ ਮੁਲਾਂਪੁਰ, ਮੇਟ ਆਤਮਾ ਸਿੰਘ, ਕੇਵਲ ਸਿੰਘ, ਜਸਵਿੰਦਰ ਸਿੰਘ, ਬਿਅੰਤ ਸਿੰਘ, ਗੁਰਪ੍ਰੀਤ ਸਿੰਘ, ਪਿਆਰਾ ਸਿੰਘ, ਹਰਦੀਪ ਸਿੰਘ, ਬਲਵੀਰ ਸਿੰਘ, ਰੇਸ਼ਮ ਸਿੰਘ, ਹਰਕੇਸ਼ ਸਿੰਘ, ਹਰਪ੍ਰੀਤ ਸਿੰਘ, ਰੋਸ਼ਨ ਲਾਲ ਤੇ ਹੋਰ ਹਾਜ਼ਰ ਸਨ।