ਸਿਵਲ ਹਸਪਤਾਲ ਸਮਰਾਲਾ ਦੀ ਟੀਮ ਵੱਲੋਂ ਡੇਂਗੂ ਦੀ ਜਾਂਚ
ਪੱਤਰ ਪ੍ਰੇਰਕ
ਸਮਰਾਲਾ, 11 ਜੁਲਾਈ
ਸਿਵਲ ਹਸਪਤਾਲ ਸਮਰਾਲਾ ਦੀ ਟੀਮ ਨੇ ‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਸ਼ਹਿਰ ਸਮਰਾਲਾ ਦੇ ਡੱਬੀ ਬਾਜ਼ਾਰ, ਮਸੰਦ ਮੁਹੱਲਾ, ਚੰਡੀਗੜ੍ਹ ਰੋਡ ਵਿੱਚ ਦਫਤਰਾਂ ਅਤੇ ਘਰਾਂ ਵਿੱਚ ਜਾ ਕੇ ਐਂਟੀ ਡੇਂਗੂ ਦੀ ਜਾਂਚ ਕੀਤੀ ਤੇ ਲੋਕਾਂ ਨੂੰ ਇਸ ਬਾਰੇ ਜਾਗਰੂ ਕੀਤਾ। ਮੌਕੇ ’ਤੇ ਮਿਲਿਆ ਲਾਰਵਾ ਨਸ਼ਟ ਕੀਤਾ ਗਿਆ ਤੇ ਕੌਂਸਲ ਦੇ ਮੁਲਾਜ਼ਮਾਂ ਨੇ ਚਲਾਨ ਵੀ ਕੱਟੇ। ਸੀਨੀਅਰ ਮੈਡੀਕਲ ਅਫਸਰ ਡਾ. ਤਾਰਕਜੋਤ ਸਿੰਘ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਇਸ ਤੋਂ ਬਚਣ ਲਈ ਸਾਨੂੰ ਹਫਤੇ ਵਿੱਚ ਇੱਕ ਦਿਨ ਘਰਾਂ ਅਤੇ ਆਲੇ-ਦੁਆਲੇ ਖੜ੍ਹਿਆ ਪਾਣੀ ਖਤਮ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਡੇਂਗੂ ਵਿੱਚ ਵਿਅਕਤੀ ਨੂੰ ਤੇਜ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਦੇ ਦਾਣੇ, ਅੱਖਾਂ ਦੇ ਪਿਛਲੇ ਹਿਸੇ ਵਿਚ ਦਰਦ, ਮਸੂੜੇ ਅਤੇ ਨੱਕ ਵਿੱਚ ਖੂਨ ਦਾ ਵਗਣਾ ਆਦਿ ਹੋ ਸਕਦਾ ਹੈ। ਉਪਰੋਕਤ ਕੋਈ ਵੀ ਲੱਛਣ ਨਜ਼ਰ ਆਉਣ ਤੇ ਡਾਕਟਰ ਨਾਲ ਸੰਪਰਕ ਕਰੋ ਇਸ ਤੋਂ ਬਚਾਓ ਲਈ ਸੌਣ ਵੇਲੇ ਮੱਛਰ ਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਡਾ. ਗੁਰਿੰਦਰ ਸਿੰਘ ਤੇ ਪਰਦੀਪ ਕੁਮਾਰ ਮਲਟੀਪਰਪਜ਼ ਹੈਲਥ ਵਰਕਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਵਿੱਚ ਐਂਟੀ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਲਗਾ ਕੇ ਵਿਦਿਆਰਥੀਆ ਤੇ ਸਟਾਫ ਨੂੰ ਡੇਂਗੂ ਲਾਰਵੇ ਦੀ ਪਛਾਣ ਕਰਵਾਈ। ਇਸ ਮੌਕੇ ਟੀਮ ਵਿੱਚ ਡਾ. ਲਖਵਿੰਦਰ ਸਿੰਘ, ਡਾਕਟਰ ਗੁਰਿੰਦਰ ਸਿੰਘ, ਆਸ਼ਾ ਵਰਕਰ ਪੂਜਾ ਰਾਣੀ, ਬਲਜੀਤ ਸ਼ਰਮਾ, ਬਿਮਲਜੀਤ ਕੌਰ, ਮਨਜੀਤ ਕੌਰ, ਰਾਧਾ, ਮਨਮੋਹਨ ਲਾਲ, ਲੁਧਿਆਣਾ ਇੰਸਟੀਚਿਊਟ ਆਫ ਨਰਸਿੰਗ ਕਾਲਜ ਕਟਾਣੀ ਕਲਾਂ ਦੇ ਵਿਦਿਆਰਥੀ ਹਾਜ਼ਰ ਸਨ।