ਸੜਕਾਂ, ਦਰਿਆਵਾਂ ਤੇ ਗਲੀਆਂ ਨੂੰ ਨਰਕ ਬਣਾਉਣ ਲੱਗੇ ਲੋਕ
ਰਾਤ ਦੇ ਹਨੇਰੇ ਵਿੱਚ ਕੂੜਾ ਸੁੱਟਣ ਵਾਲਿਆਂ ’ਤੇ ਪ੍ਰਸ਼ਾਸਨ ਦੀ ਤਿੱਖੀ ਨਜ਼ਰ
ਸਨਅਤੀ ਸ਼ਹਿਰ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਲੋਕਾਂ ਵੱਲੋਂ ਆਪਣੇ ਘਰਾਂ ਦਾ ਕੂੜਾ ਸੜਕਾਂ, ਗਲੀਆਂ ਦੇ ਕਿਨਾਰਿਆਂ, ਨਹਿਰਾਂ/ਦਰਿਆਵਾਂ ਦੇ ਵਿੱਚ ਸੁੱਟ ਕੇ ਗੰਦਗੀ ਫੈਲਾਈ ਜਾ ਰਹੀ ਹੈ। ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਨਗਰ ਨਿਗਮ ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗ ਰਾਤ ਸਮੇਂ ਵੀ ਹਰਕਤ ਵਿੱਚ ਆ ਗਏ ਹਨ। ਇਸ ਮਾਮਲੇ ਵਿੱਚ ਕਈਆਂ ਨੂੰ ਸਖ਼ਤ ਤਾੜਨਾਂ ਤੇ ਕਈਆਂ ਨੂੰ ਜੁਰਮਾਨੇ ਵੀ ਕੀਤੇ ਜਾ ਰਹੇ ਹਨ।
ਭੀੜ-ਭੜੱਕੇ ਵਾਲੇ ਸ਼ਹਿਰ ਲੁਧਿਆਣਾ ਟਰੈਫਿਕ ਤੋਂ ਬਾਅਦ ਹਵਾ, ਪਾਣੀ ਵੀ ਲਗਾਤਾਰ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਲੁਧਿਆਣਾ ਦੀ ਧੁੰਨੀ ਵਿੱਚੋਂ ਨਿਕਲਦੇ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਜ਼ੋਰ ਲਾਇਆ ਜਾ ਰਿਹਾ ਹੈ। ਮੌਜੂਦਾ ਸਰਕਾਰ ਵੱਲੋਂ ਵੀ ਇਸ ਨੂੰ ਪੁਰਾਤਨ ਬੁੱਢਾ ਦਰਿਆ ਬਣਾਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਕਈ ਇਲਾਕਿਆਂ ਵਿੱਚ ਵਿਅਕਤੀਆਂ ਵੱਲੋਂ ਹੀ ਘਰਾਂ ਵਿੱਚੋਂ ਕੂੜਾ ਚੁੱਕ ਕੇ ਰਾਤ ਦੇ ਹਨੇਰੇ ਵਿੱਚ ਸੜਕਾਂ, ਗਲੀਆਂ ਦੇ ਕਿਨਾਰਿਆਂ ’ਤੇ ਸੁੱਟ ਕੇ ਪ੍ਰਦੂਸ਼ਣ ਅਤੇ ਗੰਦਗੀ ਫੈਲਾਈ ਜਾ ਰਹੀ ਹੈ। ਕਈ ਵਿਅਕਤੀਆਂ ਵੱਲੋਂ ਤਾਂ ਇਹ ਕੂੜਾ ਬੁੱਢਾ ਦਰਿਆ, ਸਤਲੁਜ ਦਰਿਆ ਅਤੇ ਸਿੱਧਵਾਂ ਨਹਿਰ ਵਿੱਚ ਵੀ ਸੁੱਟਿਆ ਜਾ ਰਿਹਾ ਹੈ। ਅਜਿਹਾ ਕਰਨ ਨਾਲ ਦਰਿਆਵਾਂ ਦਾ ਸਾਫ਼ ਪਾਣੀ ਵੀ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ। ਅਜਿਹੇ ਲੋਕਾਂ ’ਤੇ ਲਗਾਮ ਲਗਾਉਣ ਲਈ ਭਾਵੇਂ ਸਮੇਂ-ਸਮੇਂ ’ਤੇ ਸਬੰਧਤ ਵਿਭਾਗਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਰਹੀ ਹੈ ਪਰ ਅੱਜ-ਕੱਲ੍ਹ ਕਈ ਵਿਭਾਗਾਂ ਵੱਲੋਂ ਰਾਤ ਸਮੇਂ ਵੀ ਅਜਿਹਾ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਕਈਆਂ ਦੇ ਚਲਾਨ ਅਤੇ ਕਈਆਂ ਨੂੰ ਸਖ਼ਤ ਤਾੜਨਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ ਵਿੱਚ ਕੂੜੇ ਦੇ ਨਿਪਟਾਰੇ ਲਈ ਵੱਖ ਵੱਖ ਥਾਵਾਂ ’ਤੇ ਕੰਪੈਕਟਰ ਲੱਗੇ ਹੋਏ ਹਨ ਪਰ ਕਈ ਲੋਕਾਂ ਵੱਲੋਂ ਘਰਾਂ ਦਾ ਕੂੜਾ ਢੁਕਵੀਂ ਥਾਂ ’ਤੇ ਪਹੁੰਚਾਉਣ ਦੀ ਥਾਂ ਸੜਕਾਂ/ਗਲੀਆਂ ਵਿੱਚ ਹੀ ਸੁੱਟ ਦਿੱਤਾ ਜਾਂਦਾ ਹੈ ਜੋ ਰਾਹਗੀਰਾਂ ਅਤੇ ਪ੍ਰਸ਼ਾਸਨ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ।

