ਸੀਟੂ ਵੱਲੋਂ ਸ਼ਰਾਬ ਮਾਫ਼ੀਆ ਤੇ ਗੁੰਡਾ ਗਰੋਹ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਦਾ ਐਲਾਨ
ਸੀਟੂ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਅੱਜ ਇਥੇ ਕੀਤੀ ਗਈ ਮੀਟਿੰਗ ਦੌਰਾਨ ਸ਼ਰਾਬ ਮਾਫ਼ੀਆ ਅਤੇ ਹਥਿਆਰਬੰਦ ਗੁੰਡਾ ਗਰੋਹ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਜ਼ਿਲ੍ਹਾ ਪੁਲੀਸ ਵਿਰੁੱਧ ਪ੍ਰਚਾਰ ਮੁਹਿੰਮ ਹੋਰ ਤੇਜ਼ ਕਰਨ ਅਤੇ ਤਿੱਖਾ ਸੰਘਰਸ਼ ਵਿੱਢਣ ਦਾ ਫ਼ੈਸਲਾ ਲਿਆ ਗਿਆ। ਪਿੰਡ ਰਾਜੋਆਣਾ ਖ਼ੁਰਦ ਦੇ ਗੁਰਦੁਆਰਾ ਦੇਗਸਰ ਸਾਹਿਬ ਵਿੱਚ ਕਿਸਾਨ ਆਗੂ ਸੁਖਚੈਨ ਸਿੰਘ ਰਾਜੋਆਣਾ ਦੀ ਪ੍ਰਧਾਨਗੀ ਹੇਠ ਹੋਈ ਮਨਰੇਗਾ ਅਤੇ ਨਿਰਮਾਣ ਕਾਮਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਕਿਹਾ ਸੂਬੇ ਦੀ ਭਗਵੰਤ ਮਾਨ ਸਰਕਾਰ ਇੱਕ ਪਾਸੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਉਪਜਾਊ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਕਾਹਲੀ ਪਈ ਹੈ, ਉੱਥੇ ਦੂਜੇ ਪਾਸੇ ਗ਼ਰੀਬ ਮਜ਼ਦੂਰਾਂ ਨੂੰ ਭੁੱਖਮਰੀ ਵੱਲ ਧੱਕਣ ਲਈ ਯਤਨਸ਼ੀਲ ਹੈ।
ਸੀਟੂ ਆਗੂਆਂ ਨੇ ਕਿਹਾ ਕਿ ਨਿਰਮਾਣ ਕਾਮਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਉਡੀਕਦਿਆਂ ਕਈ ਤਾਂ ਰੱਬ ਨੂੰ ਪਿਆਰੇ ਹੋ ਗਏ ਪਰ ਸਰਕਾਰ ਨੇ ਮਜ਼ਦੂਰਾਂ ਦੀ ਇੱਕ ਨਹੀਂ ਸੁਣੀ, ਜਦਕਿ ਮਨਰੇਗਾ ਕਾਮਿਆਂ ਨੂੰ ਦੋ ਹਫ਼ਤਿਆਂ ਵਿੱਚ ਕੀਤੇ ਕੰਮਾਂ ਦੀ ਅਦਾਇਗੀ ਕਰਨ ਦੇ ਦਾਅਵੇ ਵੀ ਖੋਖਲੇ ਹੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਰਾਏਕੋਟ, ਪੱਖੋਵਾਲ ਅਤੇ ਸੁਧਾਰ ਬਲਾਕ ਦੇ ਸੈਂਕੜੇ ਕਾਮਿਆਂ ਨੂੰ 6-6 ਮਹੀਨਿਆਂ ਤੋਂ ਮਜ਼ਦੂਰੀ ਦੀ ਅਦਾਇਗੀ ਨਹੀਂ ਕੀਤੀ ਗਈ ਹੈ।