ਜਾਂਗਪੁਰ ’ਚ ਕੁੱਤਿਆਂ ਦੇ ਹਮਲੇ ਕਾਰਨ ਬੱਚਾ ਜ਼ਖ਼ਮੀ
ਨੇੜਲੇ ਪਿੰਡ ਜਾਂਗਪੁਰ ਵਿੱਚ ਪਰਵਾਸੀ ਮਜ਼ਦੂਰ ਦੇ ਲੜਕੇ ਨੂੰ ਅੱਜ ਆਵਾਰਾ ਕੁੱਤਿਆਂ ਨੇ ਵੱਢ ਲਿਆ ਜਿਸ ਕਾਰਨ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਬੱਚੇ ਨੂੰ ਮੁੱਲਾਂਪੁਰ ਦਾਖਾ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਵੇਰਵਿਆਂ ਮੁਤਾਬਕ ਪਰਵਾਸੀ ਮਜ਼ਦੂਰ ਤਿਜੋਲ ਆਪਣੀ ਪਤਨੀ ਸੰਗੀਤਾ ਅਤੇ ਤਿੰਨ ਬੱਚੀਆਂ ਨਾਲ ਜਾਂਗਪੁਰ ਵਿੱਚ ਰਹਿੰਦਾ ਹੈ। ਘਟਨਾ ਮੌਕੇ ਤਿਜੋਲ ਕੰਮ ’ਤੇ ਗਿਆ ਹੋਇਆ ਸੀ ਜਦਕਿ ਉਸ ਦੀ ਪਤਨੀ ਦਾ ਹਾਲ ਹੀ ਵਿੱਚ ਆਪਰੇਸ਼ਨ ਹੋਇਆ ਹੋਣ ਕਰਕੇ ਉਹ ਘਰ ਵਿੱਚ ਪਈ ਸੀ। ਤਿੰਨੇ ਬੱਚੇ ਘਰ ਦੇ ਕੋਲ ਬਣ ਰਹੀ ਇੱਕ ਕੋਠੀ ਦੇ ਬਾਹਰ ਰੇਤੇ ’ਚ ਖੇਡ ਰਹੇ ਸਨ ਜਦੋਂ ਤਿੰਨ-ਚਾਰ ਆਵਾਰਾ ਕੁੱਤੇ ਉਥੇ ਆ ਗਏ ਅਤੇ ਉਨ੍ਹਾਂ ਤਿੰਨਾਂ ਬੱਚਿਆਂ ’ਚੋਂ ਸਭ ਤੋਂ ਛੋਟੇ ਰਿਤਿਕ ਨੂੰ ਘੜੀਸਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦੀਆਂ ਚੀਕਾਂ ਸੁਣ ਕੇ ਲੋਕ ਮੌਕੇ ’ਤੇ ਪਹੁੰਚੇ ਤੇ ਬੱਚੇ ਨੂੰ ਕੁੱਤਿਆਂ ਤੋਂ ਛੁਡਾਇਆ। ਸਾਬਕਾ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਘੁੰਮਦੇ ਆਵਾਰਾ ਕੁੱਤੇ ਸਭ ਲਈ ਖਤਰਾ ਬਣੇ ਹੋਏ ਹਨ ਤੇ ਹੁਣ ਤੱਕ ਇਹ ਕਈਆਂ ਨੂੰ ਸ਼ਿਕਾਰ ਬਣਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸੱਤ ਕੁ ਮਹੀਨੇ ਪਹਿਲਾਂ ਨੇੜਲੇ ਪਿੰਡ ਹਸਨਪੁਰ ਵਿੱਚ ਵੀ ਆਵਾਰਾ ਕੁੱਤਿਆਂ ਨੇ ਦੋ ਨਾਬਾਲਗ ਬੱਚਿਆਂ ’ਤੇ ਹਮਲਾ ਕੀਤਾ ਸੀ, ਜਿਨ੍ਹਾਂ ’ਚੋਂ ਇਕ ਬੱਚੇ ਦੀ ਮੌਤ ਹੋ ਗਈ ਸੀ। ਲੋਕਾਂ ਦੀ ਮੰਗ ਹੈ ਕਿ ਸ਼ਹਿਰਾਂ ਤੇ ਪਿੰਡਾਂ ਵਿੱਚ ਘੁੰਮਦੇ ਇਨ੍ਹਾਂ ਆਵਾਰਾ ਕੁੱਤਿਆਂ ਦਾ ਠੋਸ ਹੱਲ ਕੀਤਾ ਜਾਵੇ।