DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁੱਖ ਚੋਣ ਅਧਿਕਾਰੀ ਵੱਲੋਂ ਮੀਟਿੰਗ

ਵੋਟਰਾਂ ਅਤੇ ਪੋਲਿੰਗ ਸਟਾਫ਼ ਦੀ ਸਹੂਲਤ ਲਈ ਪੋਲਿੰਗ ਬੂਥਾਂ ’ਤੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼
  • fb
  • twitter
  • whatsapp
  • whatsapp
featured-img featured-img
ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਮੁੱਖ ਚੋਣ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 29 ਮਈ

Advertisement

ਵਿਧਾਨ ਸਭਾ ਹਲਕਾ ਪੱਛਮੀ ਦੀ ਟੀਮ ਦੀ ਜ਼ਿਮਨੀ ਚੋਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਅਤੇ ਪੁਲੀਸ ਕਮਿਸ਼ਨਰ ਨਾਲ ਵੀਡਿਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਉਨ੍ਹਾਂ ਚੋਣ ਪ੍ਰਕਿਰਿਆ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਪੋਲਿੰਗ ਬੂਥਾਂ, ਕਾਊਂਟਿੰਗ ਹਾਲਾਂ ਅਤੇ ਸਟਰਾਂਗ ਰੂਮਾਂ ਵਿੱਚ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈੱਬਕਾਸਟਿੰਗ ਯਕੀਨੀ ਬਣਾਈ ਜਾਵੇ। ਮੁੱਖ ਚੋਣ ਅਧਿਕਾਰੀ ਵੱਲੋਂ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥਾਂ ’ਤੇ ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਪਖਾਨਿਆਂ ਸਣੇ ਗਰਮੀ ਤੋਂ ਬਚਣ ਲਈ ਸਾਰੇ ਇੰਤਜ਼ਾਮ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਕੋਵਿਡ-19 ਦੇ ਪ੍ਰੋਟੋਕਾਲ ਯਕੀਨੀ ਬਣਾਉਣ ਲਈ ਵੀ ਕਿਹਾ।

ਮੁੱਖ ਚੋਣ ਅਧਿਕਾਰੀ ਨੇ ਸਟਰਾਂਗ ਰੂਮਾਂ ਦੀ ਸੁਰੱਖਿਆ ਲਈ ਨਿਗਰਾਨੀ ਦੇ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਅਤੇ ਇਸ ਬਾਬਤ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਲਈ ਕਿਹਾ ਗਿਆ। ਉਨ੍ਹਾਂ ਨੇ ਪੇਡ ਨਿਊਜ਼ ਉੱਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਪੋਲਿੰਗ ਸਟਾਫ਼ ਦੀ ਸਹੂਲਤ ਲਈ ਖਾਣ-ਪੀਣ ਅਤੇ ਰਿਹਾਇਸ਼ ਦੇ ਉਚਿਤ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਸਵੀਪ ਗਤੀਵਿਧੀਆਂ ਹੋਰ ਤੇਜ਼ ਕਰਨ ਲਈ ਕਿਹਾ।

ਸਿਬਿਨ ਸੀ ਵੱਲੋਂ ਲੁਧਿਆਣਾ ਪੁਲੀਸ ਕਮਿਸ਼ਨਰ ਨੂੰ ਵੋਟਾਂ ਤੋਂ ਪਹਿਲਾਂ ਦੇ 72, 48 ਅਤੇ 24 ਘੰਟਿਆਂ ਤੋਂ ਲੈ ਕੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਚੌਕਸੀ ਹੋਰ ਵਧਾਉਣ, ਨਾਕਿਆਂ ਉੱਤੇ ਸਖਤੀ ਕਰਨ ਅਤੇ ਹਲਕਿਆਂ ਤੋਂ ਬਾਹਰਲੇ ਲੋਕਾਂ ਦੀ ਆਵਾਜਾਈ ਉੱਤੇ ਤਿੱਖੀ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸੀਸੀਟੀਵੀ ਰਾਹੀਂ 24 ਘੰਟੇ ਨਿਗਰਾਨੀ ਹੋਰ ਵਧਾਈ ਜਾਵੇ ਤਾਂ ਜੋ ਡਰੱਗ, ਸ਼ਰਾਬ, ਨਕਦੀ ਅਤੇ ਹੋਰ ਸਮਾਨ ਦੀ ਗੈਰ-ਕਾਨੂੰਨੀ ਤਸਕਰੀ ਉੱਤੇ ਨੱਥ ਪਾਈ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਵੋਟਰਾਂ ਨੂੰ ਭਰਮਾਉਣ ਲਈ ਵੋਟਾਂ ਦੌਰਾਨ ਨਕਦੀ ਜਾਂ ਕਿਸੇ ਹੋਰ ਤਰੀਕੇ ਦਾ ਸਮਾਨ ਵੰਡਣ ਦੀ ਸ਼ਿਕਾਇਤ ਮਿਲਦੀ ਹੈ ਤਾਂ ਇਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਪੁਲੀਸ ਕਮਿਸ਼ਨਰ ਨੂੰ ਸੰਵੇਦਸ਼ਨੀਲ ਪੋਲਿੰਗ ਬੂਥਾਂ, ਸਟਰਾਂਗ ਰੂਮਾਂ ਅਤੇ ਕਾਊਂਟਿੰਗ ਸੈਂਟਰਾਂ ਉੱਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਅਤੇ ਪੁਲੀਸ ਕਮਿਸ਼ਨਰ ਨੇ ਮੁੱਖ ਚੋਣ ਅਧਿਕਾਰੀ ਨੂੰ ਯਕੀਨ ਦਿਵਾਇਆ ਕਿ ਜ਼ਿਮਨੀ ਚੋਣ ਲਈ ਲੌੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ।

ਮੀਟਿੰਗ ਦੌਰਾਨ ਏਡੀਜੀਪੀ-ਕਮ-ਸਟੇਟ ਪੁਲੀਸ ਨੋਡਲ ਅਫ਼ਸਰ ਐਮ.ਐਫ. ਫਾਰੂਕੀ, ਐਡੀਸ਼ਨਲ ਸੀਈਓ ਹਰੀਸ਼ ਨਈਅਰ, ਜੁਆਇੰਟ ਸੀਈਓ ਸਕੱਤਰ ਸਿੰਘ ਬੱਲ, ਚੋਣ ਅਧਿਕਾਰੀ ਅੰਜੂ ਬਾਲਾ ਤੋਂ ਇਲਾਵਾ ਸੀਈਓ ਦਫ਼ਤਰ ਦੇ ਹੋਰ ਅਧਿਕਾਰੀ ਹਾਜ਼ਰ ਸਨ।

ਹਲਕੇ ਦੇ ਕੁੱਲ ਵੋਟਰਾਂ ਅਤੇ ਪੋਲਿੰਗ ਬੂਥਾਂ ਦੀ ਗਿਣਤੀ

ਸਿਬਿਨ ਸੀ ਨੇ ਦੱਸਿਆ ਕਿ ਲੁਧਿਆਣਾ ਪੱਛਮੀ ਸੀਟ ਦੇ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 74 ਹਜ਼ਾਰ 437 ਹੈ, ਜਿਨ੍ਹਾਂ ਵਿੱਚੋਂ ਮਰਦ ਵੋਟਰਾਂ ਦੀ ਗਿਣਤੀ 89 ਹਜ਼ਾਰ 602, ਔਰਤ ਵੋਟਰਾਂ ਦੀ ਗਿਣਤੀ 84 ਹਜ਼ਾਰ 825 ਅਤੇ ਤੀਜੇ ਲਿੰਗ ਵਜੋਂ ਪਛਾਣੇ ਜਾਣ ਵਾਲੇ 10 ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਮਨੀ ਚੋਣ ਲਈ ਕੁੱਲ 192 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 10 ਮਾਡਲ ਪੋਲਿੰਗ ਬੂਥ, ਔਰਤਾਂ ਵੱਲੋਂ ਸੰਚਾਲਿਤ ਕੀਤਾ ਜਾਣ ਵਾਲਾ ਇਕ ਪੋਲਿੰਗ ਬੂਥ, ਵਾਤਾਵਰਣ ਅਨੁਕੂਲ, ਹਰਾ, ਇੱਕ ਪੋਲਿੰਗ ਬੂਥ ਅਤੇ ਪੀ.ਡਬਲਯੂ.ਡੀ ਸਟਾਫ ਵੱਲੋਂ ਸੰਚਾਲਿਤ ਕੀਤਾ ਜਾਣ ਵਾਲ ਇੱਕ ਪੋਲਿੰਗ ਬੂਥ ਸ਼ਾਮਲ ਹੈ। ਇਸ ਤੋਂ ਇਲਾਵਾ 13 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨਿਆ ਗਿਆ ਹੈ, ਜਿੱਥੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਅਤੇ 23 ਜੂਨ ਨੂੰ ਨਤੀਜੇ ਆਉਣਗੇ।

Advertisement
×