ਚਕਰ ਦੀ ਮੁੱਕੇਬਾਜ਼ ਬਲਵੀਰ ਕੌਰ ਲਾਅ ਅਫ਼ਸਰ ਬਣੀ
ਨੇੜਲੇ ਪਿੰਡ ਚਕਰ ਨੇ ਮੁੱਕੇਬਾਜ਼ੀ ਵਿੱਚ ਚੰਗਾ ਨਾਮਣਾ ਖੱਟਿਆ ਹੈ ਅਤੇ ਇਸ ਪਿੰਡ ਦੀ ਮੁੱਕੇਬਾਜ਼ ਧੀ ਹੁਣ ਪੁਡਾ ਵਿੱਚ ਲਾਅ ਅਫ਼ਸਰ ਬਣੀ ਹੈ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਨਿਯੁਕਤੀ ਪੱਤਰ ਵੰਡੇ ਉਨ੍ਹਾਂ ਵਿੱਚ ਚਕਰ ਦੀ ਇਹ ਸਾਧਾਰਨ ਛੋਟੀ ਕਿਸਾਨੀ ਵਾਲੇ ਪਰਿਵਾਰ ਦੀ ਬਲਵੀਰ ਕੌਰ ਸ਼ਾਮਲ ਰਹੀ। ਖੇਡਾਂ ਲਈ ਅਕੈਡਮੀ ਚਲਾਉਣ ਵਾਲੇ ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਕਿਸਾਨ ਆਗੂ ਬੂਟਾ ਸਿੰਘ ਚਕਰ ਨੇ ਦੱਸਿਆ ਕਿ ਬਲਵੀਰ ਕੌਰ ਨੇ ਪਿੰਡ ਵਿੱਚ ਪੜ੍ਹਦੇ ਹੋਏ ਅਕੈਡਮੀ ਵਿੱਚ ਮੁੱਕੇਬਾਜ਼ੀ ਸ਼ੁਰੂ ਕੀਤੀ। ਇਹੋ ਖੇਡ ਉਸ ਨੂੰ ਪਟਿਆਲੇ ਲੈ ਗਈ। ਉਥੇ ਪੰਜਾਬੀ ਯੂਨੀਵਰਸਿਟੀ ਵਿੱਚ ਖੇਡਾਂ ਦੇ ਨਾਲ ਪੜ੍ਹਾਈ ਕਰਦਿਆਂ ਬਲਵੀਰ ਕੌਰ ਨੇ ਐਲਐਲਬੀ, ਐਲਐਲਐਮ ਤੇ ਫੇਰ ਪੀਐਚ.ਡੀ ਕਰ ਲਈ।
ਲਾਅ ਅਫ਼ਸਰ ਦੀ ਨਿਯੁਕਤੀ ਵੀ ਕੋਈ ਸੌਖੀ ਨਹੀਂ ਸੀ ਕਿਉਂਕਿ ਇਸ ਦੋ ਅਸਾਮੀਆਂ ਲਈ ਸੈਂਕੜੇ ਉਮੀਦਵਾਰਾਂ ਵਿੱਚੋਂ ਉਹ ਲਾਅ ਅਫ਼ਸਰ ਚੁਣੀ ਗਈ ਹੈ। ਇਸ ਪਿੱਛੇ ਉਸਦੀ ਲਗਨ ਤੇ ਸਖ਼ਤ ਮਿਹਨਤ ਹੈ। ਪ੍ਰਿੰ. ਸੰਧੂ ਤੇ ਕਿਸਾਨ ਆਗੂ ਬੂਟਾ ਸਿੰਘ ਚਕਰ ਨੇ ਕਿਹਾ ਕਿ ਬਲਵੀਰ ਕੌਰ ਦੇ ਪਰਿਵਾਰ ਦਾ ਵੀ ਇਸ ਮੁਕਾਮ ਤਕ ਪਹੁੰਚਣ ਵਿੱਚ ਅਹਿਮ ਯੋਗਦਾਨ ਹੈ। ਇਸ ਪਰਿਵਾਰ ਦੀ ਪਰਮਜੀਤ ਕੌਰ ਤੇ ਸਾਧੂ ਸਿੰਘ ਨੇ ਆਪਣੀ ਹੋਣਹਾਰ ਧੀ ਨੂੰ ਅੱਗੇ ਵਧਣ ਤੋਂ ਰੋਕਿਆ ਨਹੀਂ ਤੇ ਹਮੇਸ਼ਾ ਨਾਲ ਖੜ੍ਹਾ ਨਜ਼ਰ ਆਇਆ। ਇਸ ਲਈ ਇਹ ਇਕ ਮਿਸਾਲ ਹੈ ਜੇਕਰ ਹੋਰਨਾਂ ਲੋਕਾਂ ਲਈ ਕਿ ਜੇਕਰ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣ ਤਾਂ ਇਹ ਧੀਆਂ ਇਸੇ ਤਰ੍ਹਾਂ ਅਸਮਾਨੀ ਉੱਡ ਸਕਦੀਆਂ ਹਨ। ਪ੍ਰਿੰ. ਸੰਧੂ ਨੇ ਦੱਸਿਆ ਕਿ ਜਦੋਂ 2005 ਵਿੱਚ ਪਿੰਡ ਵਿੱਚ ਲੜਕੀਆਂ ਨੇ ਬਾਕਸਿੰਗ ਖੇਡਣੀ ਸ਼ੁਰੂ ਕੀਤੀ ਤਾਂ ਇਕਹਿਰੀ ਜਿਹੀ ਹੱਡੀ ਦੀ ਪਰ ਚੀੜ੍ਹੀ ਜਿਹੀ ਬਲਵੀਰ ਕੌਰ ਵੀ ਆਪਣੀ ਵੱਡੀ ਭੈਣ ਨਾਲ ਖੇਡਣ ਆਉਣ ਲੱਗੀ। ਹੌਲੀ ਹੌਲੀ ਉਹ ਪੰਜਾਬ ਚੈਂਪੀਅਨ ਬਣੀ ਤੇ ਰਾਸ਼ਟਰੀ ਪੱਧਰ 'ਤੇ ਭਾਗ ਲਿਆ। 2013 ਵਿੱਚ ਉਸ ਨੇ ਆਲ ਇੰਡੀਆ ਇੰਟਰਵਰਸਿਟੀ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਿਆ। ਪੜ੍ਹਾਈ ਵਿੱਚ ਤਾਂ ਉਹ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਸੀ। ਖੇਡ ਕੋਟੇ ਵਿੱਚੋਂ ਹੀ ਉਸਨੇ ਡਿਗਰੀਆਂ ਹਾਸਲ ਕੀਤੀਆਂ। ਉਸ ਨੇ ਜੱਜ ਬਣਨ ਲਈ ਦੋ ਵਾਰ ਪੇਪਰ ਦਿੱਤੇ ਤੇ ਦੋਵੇਂ ਵਾਰ ਇੰਟਰਵਿਊ ਤੱਕ ਪਹੁੰਚੀ। ਫਿਰ ਉਹ ਦੋ ਸਾਲ ਪਹਿਲਾਂ ਪੰਜਾਬ ਸਰਕਾਰ ਵਿੱਚ ਸਹਾਇਕ ਕਾਨੂੰਨੀ ਅਫ਼ਸਰ ਨਿਯੁਕਤ ਹੋ ਗਈ। ਪੰਜਾਬ ਸ਼ਹਿਰੀ ਵਿਕਾਸ ਅਥਾਰਿਟੀ (ਪੁਡਾ) ਨੇ ਲਾਅ ਅਫ਼ਸਰ ਦੀਆਂ ਦੋ ਪੋਸਟਾਂ ਕੱਢੀਆਂ ਤਾਂ ਹਜ਼ਾਰਾਂ ਉਮੀਦਵਾਰਾਂ ਵਿੱਚੋਂ ਬਲਵੀਰ ਕੌਰ ਨੇ ਟੌਪ ਕੀਤਾ।