ਇਥੋਂ ਦੇ ਲਲਹੇੜੀ ਰੋਡ ਸਥਿਤ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਵਿੱਚ ਗੁਰੂ ਨਾਨਕ ਦੇਵ ਅਤੇ ਮਾਤਾ ਸੁਲੱਖਣੀ ਦਾ ਵਿਆਹ ਪੁਰਬ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਨਿਤਨੇਮ ਦੀਆਂ ਬਾਣੀਆਂ ਤੇ ਸੁਖਮਨੀ ਸਾਹਿਬ ਦੇ ਸੰਗਤੀ ਰੂਪ ਵਿਚ ਪਾਠਾਂ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਪਰਮਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਕਥਾ ਵਿਖਿਆਨ ਰਾਹੀਂ ਸੰਗਤ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ।
ਪ੍ਰਧਾਨ ਕਰਮਜੀਤ ਸਿੰਘ ਨੇ ਆਈਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬਾਨਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਆਪਣੇ ਵਿਰਸੇ ਦੀ ਸੰਭਾਲ ਕਰਨ ਅਤੇ ਆਉਣ ਵਾਲੀ ਪੀੜ੍ਹੀ ਲਈ ਇਕ ਚੰਗੀ ਸੇਧ ਬਣਨ ਲਈ ਪ੍ਰੇਰਿਆ। ਮੁੱਖ ਗ੍ਰੰਥੀ ਭਾਈ ਗੁਰਸ਼ਰਨ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਦਵਿੰਦਰ ਸਿੰਘ ਮੋਹਲ, ਜਰਨੈਲ ਸਿੰਘ ਤੱਗੜ, ਖੁਸ਼ਕਰਨ ਸਿੰਘ, ਗੁਰਦਰਸ਼ਨ ਸਿੰਘ ਮੋਹਲ, ਗੁਰਮੀਤ ਸਿੰਘ, ਦਵਿੰਦਰ ਸਿੰਘ ਤੱਗੜ, ਜਗਤਾਰਜੀਤ ਸਿੰਘ ਭੱਟ, ਕੇਸਰ ਸਿੰਘ, ਕੁਲਦੀਪ ਸਿੰਘ, ਭਾਗ ਸਿੰਘ, ਪ੍ਰੇਮ ਸਿੰਘ, ਮੰਗਤ ਸਿੰਘ, ਮਨੀ ਸਿੰਘ, ਰਾਜਿੰਦਰ ਸਿੰਘ, ਕੁਲਵੰਤ ਸਿੰਘ, ਮਨਮੋਹਨ ਸਿੰਘ, ਮਨਜੀਤ ਕੌਰ, ਗੁਰਪ੍ਰੀਤ ਕੌਰ, ਅਮਰਜੀਤ ਕੌਰ ਹਾਜ਼ਰ ਸਨ।