ਲੁਧਿਆਣਾ ਕੌਮਾਂਤਰੀ ਹਵਾਈ ਅੱਡੇ ਨੂੰ ਕਲੀਅਰੈਂਸ ਦੇਣ ਆਵੇਗੀ ਕੇਂਦਰੀ ਟੀਮ: ਬਿੱਟੂ
ਅੰਤਿਮ ਪ੍ਰਵਾਨਗੀ ਮਿਲਦੇ ਹੀ ਉਡਾਣਾਂ ਹੋਣਗੀਆਂ ਸ਼ੁਰੂ
ਸਿਵਲ ਏਵੀਏਸ਼ਨ ਸੁਰੱਖਿਆ ਟੀਮ ਜਲਦੀ ਹੀ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਦੌਰਾ ਕਰੇਗੀ, ਜੋ ਕਿ ਲੁਧਿਆਣਾ ਦੇ ਵਿੱਚ ਤਿਆਰ ਹੈ, ਉਡਾਣਾਂ ਸ਼ੁਰੂ ਕਰਨ ਤੋਂ ਪਹਿਲਾਂ ਅੰਤਿਮ ਪ੍ਰਵਾਨਗੀ ਦੇਵੇਗੀ। ਇਹ ਜਾਣਕਾਰੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਡਾਣਾਂ ਸ਼ੁਰੂ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹਵਾਈ ਅੱਡੇ ਦੇ ਸਿਵਲ ਕੰਮ ਨੂੰ ਪੂਰਾ ਕਰਨ ਬਾਰੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਤੋਂ ਬਾਅਦ ਕੇਂਦਰੀ ਟੀਮ ਹਲਵਾਰਾ ਆ ਕੇ ਹਵਾਈ ਅੱਡੇ ਦੇ ਟਰਮੀਨਲ ਇਮਾਰਤ ਅਤੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕਰੇਗੀ। ਜੇਕਰ ਨਿਰੀਖਣ ਵਿੱਚ ਹਵਾਈ ਅੱਡਾ ਢੁਕਵਾਂ ਪਾਇਆ ਜਾਂਦਾ ਹੈ, ਤਾਂ ਸਿਵਲ ਏਵੀਏਸ਼ਨ ਸੁਰੱਖਿਆ ਟੀਮ ਅੰਤਿਮ ਪ੍ਰਵਾਨਗੀ ਦੇਵੇਗੀ ਅਤੇ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ।
ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਿਊਰੋ ਆਫ਼ ਸਿਵਲ ਏਵੀਏਸ਼ਨ ਸਿਕਿਓਰਿਟੀ ਦੀ ਟੀਮ ਟਰਮੀਨਲ ਬਿਲਡਿੰਗ ਨੂੰ ਕਲੀਅਰੈਂਸ ਦੇਣ ਤੋਂ ਪਹਿਲਾਂ ਨਿਰੀਖਣ ਲਈ ਹਲਵਾਰਾ ਪਹੁੰਚ ਰਹੀ ਹੈ। ਟੀਮ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਸਰਕਾਰ ਹਵਾਈ ਅੱਡੇ ਨੂੰ ਟਰਾਂਸਫਰ ਕਰਕੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਦਿੱਤਾ ਜਾਏਗਾ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਹਲਵਾਰਾ ਤੋਂ ਉਡਾਣ ਸ਼ਡਿਊਲ ਅਤੇ ਕਿਹੜੀ ਏਅਰਲਾਈਨ ਪਹਿਲਾਂ ਕਿਸ ਸੈਕਟਰ ਲਈ ਉਡਾਣਾਂ ਸ਼ੁਰੂ ਕਰੇਗੀ, ਇਸ ਬਾਰੇ ਵੀ ਚਰਚਾ ਕਰ ਰਹੇ ਹਨ। ਏਅਰ ਇੰਡੀਆ ਵਿਸਤਾਰਾ ਏਅਰਲਾਈਨ ਹਲਵਾਰਾ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਲਈ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਦਾ ਵਿਕਾਸ ਹੋਵੇਗਾ ਅਤੇ ਹਲਵਾਰਾ ਹਵਾਈ ਅੱਡੇ ਦੇ ਸੰਚਾਲਨ ਨਾਲ ਲੁਧਿਆਣਾ ਦੇ ਉਦਯੋਗ ਨੂੰ ਲਾਭ ਹੋਣ ਦੇ ਨਾਲ-ਨਾਲ ਉੱਤਰੀ ਭਾਰਤ ਦੇ ਯਾਤਰੀਆਂ ਨੂੰ ਦੇਸ਼-ਵਿਦੇਸ਼ ਵਿੱਚ ਯਾਤਰਾ ਕਰਨ ਦੀ ਸਹੂਲਤ ਵੀ ਮਿਲੇਗੀ।
ਦੱਸ ਦਈਏ ਕਿ ਕੇਂਦਰੀ ਮੰਤਰੀ ਬਿੱਟੂ ਨੇ ਕੁਝ ਦਿਨ ਪਹਿਲਾਂ ਹਲਵਾਰਾ ਕੌਮਾਂਤਰੀ ਹਵਾਈ ਅੱਡੇ ’ਤੇ ਉਸਾਰੀ ਕਾਰਜਾਂ ਦਾ ਨਿਰੀਖਣ ਕੀਤਾ ਸੀ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਬਾਕੀ ਰਹਿੰਦੇ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਨਿਰਮਾਣ ਕੰਪਨੀ ਦੇ ਸਾਰੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨਾਲ ਸਾਈਟ ਦਾ ਨਿਰੀਖਣ ਕੀਤਾ ਸੀ।