ਕੇਂਦਰ ਤੇ ਸੂਬਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਲੱਗੀਆਂ: ਮਜ਼ਦੂਰ ਆਗੂ
ਉਸਾਰੀ ਕਾਮਿਆਂ ਨੂੰ ਭੁੱਖਮਰੀ ਦੇ ਮੂੰਹ ਧੱਕਣ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਅਾ
ਪੰਜਾਬ ਦੇ ਉਸਾਰੀ ਕਾਮਿਆਂ ਵੱਲੋਂ 30 ਅਕਤੂਬਰ ਨੂੰ ਰਾਏਕੋਟ ਵਿੱਚ ਕੀਤੇ ਜਾ ਰਹੇ ਸੂਬਾਈ ਸਮਾਗਮ ਦੀਆਂ ਤਿਆਰੀਆਂ ਵਿੱਚ ਲੱਗੇ ਮਜ਼ਦੂਰ ਆਗੂਆਂ ਦੀ ਸਵਾਗਤੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤ ਨਿਰਮਾਣ ਮਿਸਤਰੀ-ਮਜ਼ਦੂਰ ਯੂਨੀਅਨ (ਸੀਟੂ) ਦੇ ਸੂਬਾਈ ਪ੍ਰਧਾਨ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਬਰ੍ਹਮੀ ਨੇ ਕਿਹਾ ਕਿ ਦੇਸ਼ ਦੇ ਕਰੋੜਾਂ ਉਸਾਰੀ ਮਜ਼ਦੂਰਾਂ ਨੂੰ ਭੁੱਖਮਰੀ ਦੇ ਮੂੰਹ ਵਿੱਚ ਧੱਕਣ ਲਈ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਜ਼ਾਦ ਭਾਰਤ ਵਿੱਚ ਵੱਡੇ ਡੈਮ, ਮਹਿਲਾਂ ਵਰਗੀਆਂ ਇਮਾਰਤਾਂ, ਨਦੀਆਂ, ਨਹਿਰਾਂ, ਵੱਡੀਆਂ ਸਰਕਾਰੀ ਇਮਾਰਤਾਂ ਅਤੇ ਪੰਜ-ਤਾਰਾ ਹੋਟਲ ਬਣਾਉਣ ਵਾਲੇ ਕਾਮਿਆਂ ਵੱਲ ਪਿੱਠ ਕਰ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਲੱਗੀਆਂ ਹਨ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਫ਼ੈਸਲਾਕੁਨ ਲੜਾਈ ਵਿੱਢਣ ਲਈ ਸੂਬਾਈ ਸਮਾਗਮ ਵਿਚ ਪ੍ਰੋਗਰਾਮ ਉਲੀਕਿਆ ਜਾਵੇਗਾ। ਮਜ਼ਦੂਰ ਆਗੂ ਗੁਰਦੀਪ ਸਿੰਘ ਬੁਰਜ ਹਕੀਮਾਂ, ਪ੍ਰਿਤਪਾਲ ਸਿੰਘ ਬਿੱਟਾ, ਰਾਜਜਸਵੰਤ ਸਿੰਘ ਤਲਵੰਡੀ, ਕਰਮਜੀਤ ਸੰਨ੍ਹੀ ਅਤੇ ਭੁਪਿੰਦਰ ਸਿੰਘ ਗੋਬਿੰਦਗੜ੍ਹ ਦੀ ਅਗਵਾਈ ਹੇਠ ਕਮੇਟੀਆਂ ਵੱਲੋਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਲਾਭਪਾਤਰੀ ਕਾਰਡ ਜਾਰੀ ਕਰਨ ਅਤੇ ਉਸਾਰੀ ਕਾਮਿਆਂ ਦੀਆਂ ਧੀਆਂ ਦੇ ਵਿਆਹਾਂ ਲਈ ਫੰਡ ਜਾਰੀ ਕਰਨ ਤੋਂ ਇਲਾਵਾ ਉਸਾਰੀ ਕੰਪਨੀਆਂ ਵੱਲ ਖੜ੍ਹੇ ਕਰੋੜਾਂ ਰੁਪਏ ਦੇ ਬਕਾਏ ਦੀ ਵਸੂਲੀ ਲਈ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ