ਭਾਈ ਵੀਰ ਸਿੰਘ ਸਾਹਿਤ ਸਭਾ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵੱਲੋਂ ਭਾਈ ਵੀਰ ਸਿੰਘ ਦਾ ਜਨਮ ਦਿਨ ਮਨਾਇਆ ਗਿਆ।
ਗੁਰੂ ਗੋਬਿੰਦ ਸਿੰਘ ਸਰਕਲ, ਭਾਈ ਕਾਨ੍ਹ ਸਿੰਘ ਨਾਭਾ ਆਡੀਟੋਰੀਅਮ ਵਿੱਚ ਸਾਹਿਤ ਚਰਚਾ, ਸਕੂਲਾਂ ਦੇ ਭਾਸ਼ਣ ਤੇ ਚਿੱਤਰਕਾਰੀ ਮੁਕਾਬਲੇ, ਪੁਸਤਕ ਰਿਲੀਜ਼ ਅਤੇ ਸਨਮਾਨ-ਇਨਾਮ ਸਮਾਗਮ ਦੇ ਮੁੱਖ ਪ੍ਰਧਾਨਗੀ ਮੰਡਲ ਵਿੱਚ ਚੀਫ਼ ਖਾਲਸਾ ਦੀਵਾਨ ਦੇ ਅਕਾਦਮਿਕ ਨਿਰਦੇਸ਼ਕ ਡਾ. ਅਮਰਜੀਤ ਸਿੰਘ ਦੂਆ, ਗੁਰਮੀਤ ਸਿੰਘ ਡਾਇਰੈਕਟਰ ਓਵਰਸੀਜ਼ ਸਟੱਡੀ ਸਰਕਲ ਅਤੇ ਸਾਬਕਾ ਆਨਰੇਰੀ ਸਕੱਤਰ ਅਕਾਲ ਤਖਤ ਸਾਹਿਬ, ਇੰਦਰਪਾਲ ਸਿੰਘ ਨਿਰਦੇਸ਼ਕ ਗਲੋਬਲ ਐਜੂਕੇਸ਼ਨ ਮਿਸ਼ਨ ਤੇ ਸਾਬਕਾ ਨਿਰਦੇਸ਼ਕ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਚੇਅਰਮੈਨ ਬਲਜੀਤ ਸਿੰਘ, ਸਕੱਤਰ ਜਨਰਲ ਗੁਰਚਰਨ ਸਿੰਘ, ਵਰਿੰਦਰਜੀਤ ਸਿੰਘ ਵਿਰਕ, ਅਤੇ ਸੁਰਜੀਤ ਸਿੰਘ ਚੀਫ਼ ਐਡਮਨਿਸਟ੍ਰੇਟਰ ਸ਼ਾਮਲ ਸਨ।
ਉੱਘੀ ਸਾਹਿਤਕਾਰ, ਕਵਿੱਤਰੀ ਅਤੇ ਇਸਤਰੀ ਕੌਂਸਲ ਮੈਂਬਰ ਡਾ. ਭੁਪਿੰਦਰ ਕੌਰ ਕਵਿਤਾ ਨੇ ਭਾਈ ਸਾਹਿਬ ਦੇ ਜੀਵਨ ਵਿਚਲੇ ਨਾਮ ਰਸ ਨੂੰ ਸਾਂਝਾ ਕੀਤਾ। ਸੰਗੀਤਕ ਪੇਸ਼ਕਾਰੀਆਂ ਵਿੱਚ ਅਮਨਦੀਪ ਕੌਰ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਸੰਗੀਤ ਵਿਭਾਗ ਦੇ ਮੁਖੀ ਬਲਜੀਤ ਕੌਰ ਨੇ ਭਾਈ ਸਾਹਿਬ ਦੀਆਂ ਕਸ਼ਮੀਰ ਬਾਰੇ ਰਚਨਾਵਾਂ ਦਾ ਗਾਇਣ ਕੀਤਾ।
ਸੇਂਟ ਸਟੀਫਨ ਕਾਲਜ ਦਿੱਲੀ ਤੋਂ ਪਰਵਿੰਦਰ ਕੌਰ ਨੇ ਪ੍ਰੋ. ਪੂਰਨ ਸਿੰਘ, ਮਾਸਟਰ ਤਾਰਾ ਸਿੰਘ ਅਤੇ ਭਾਈ ਸਾਹਿਬ ਦੀਆਂ ਰਚਨਾਵਾਂ ਸੁੰਦਰੀ, ਸਤਵੰਤ ਕੌਰ ਆਦਿ ਦੀਆਂ ਉਦਾਹਰਨਾਂ ਦੇ ਕੇ ਸਾਬਤ ਸੂਰਤ ਅਤੇ ਉੱਚ ਜੀਵਨ ਧਾਰਨ ਕਰਨ ਲਈ ਪ੍ਰੇਰਿਆ। ਪ੍ਰੋ. ਪਰਮਵੀਰ ਕੌਰ ਨੇ ਗਿਆਨ ਨੂੰ ਜਾਗ੍ਰਿਤ ਕਰਨ ਵਾਲੇ ਤੀਜੇ ਨੇਤਰ ਨੂੰ, ਨਵੀਂ ਪੀੜ੍ਹੀ ਤੱਕ ਸੰਚਾਰਿਤ ਕਰਨ ਦਾ ਸੰਦੇਸ਼ ਦਿੱਤਾ।
ਇਸਤਰੀ ਕੌਂਸਲ ਦੀ ਮੈਂਬਰ ਕੋਟਕਪੂਰੇ ਤੋਂ ਡਾਈਟੀਸ਼ੀਅਨ ਗੁਰਲੀਨ ਕੌਰ ਨੇ ਕਵਿਤਾ ਅਤੇ ਕਵੀ ਸੁਰਜੀਤ ਸਿੰਘ ਦਿਲਾਰਾਮ ਨੇ ਆਪਣੀ ਸੱਜਰੀ ਕਵਿਤਾ ਪੇਸ਼ ਕੀਤੀ। ਇੰਦਰਪਾਲ ਸਿੰਘ ਨੇ ਭਾਈ ਸਾਹਿਬ ਦੇ ਜੀਵਨ ਵਿੱਚੋਂ ਪ੍ਰੇਰਨਾਮਈ ਪ੍ਰਸੰਗ ਸਾਂਝੇ ਕੀਤੇ।
ਚੇਅਰਮੈਨ ਬਲਜੀਤ ਸਿੰਘ ਨੇ ਚੰਗੇ ਸਾਹਿਤਕਾਰਾਂ ਦੀ ਉਸਾਰੀ ਅਤੇ ਘਾੜਤ ਲਈ ਇਹੋ ਜਿਹੇ ਸੁਚੱਜੇ ਸਮਾਗਮਾਂ ਦੀ ਲੋੜ ਦਾ ਅਹਿਸਾਸ ਕਰਵਾਇਆ। ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦੇ ਰਿਟਾ. ਮੁਖੀ ਅੰਗਰੇਜ਼ੀ ਵਿਭਾਗ, ਡਾ. ਵਰਿੰਦਰ ਕੁਮਾਰ ਗੋਗਨਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਹੀ ਕੰਮ ਕਰਨੇ ਚਾਹੀਦੇ ਹਨ ਜੋ ਦਿਨ ਦੇ ਚਾਨਣ ਵਾਂਗ ਖੁਲ ਕੇ ਕੀਤੇ ਜਾ ਸਕਣ। ਐਸ ਸੀ ਡੀ ਸਰਕਾਰੀ ਕਾਲਜ ਐਲੂਮਨੀ ਐਸੋਸੀਏਸ਼ਨ ਦੇ ਪ੍ਰਮੁੱਖ ਸੰਚਾਲਕ ਬ੍ਰਿਜ ਭੂਸ਼ਣ ਗੋਇਲ ਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨੀ ਸਬੰਧੀ ਸੰਪਾਦਿਤ ਪੁਸਤਕ ‘ਵੈਰਾਗ ਔਰ ਬਲੀਦਾਨ ਕਾ ਚਾਂਦਨੀ ਚੌਕ’ ਹਿੰਦੀ ਵਿੱਚ ਰਿਲੀਜ਼ ਕੀਤੀ।

