‘ਆਪ’ ਦੀ ਜਿੱਤ ’ਤੇ ਲੁਧਿਆਣਾ ’ਚ ਜਸ਼ਨ
ਗਗਨਦੀਪ ਅਰੋੜਾ
ਲੁਧਿਆਣਾ, 23 ਜੂਨ
ਲੁਧਿਆਣਾ ਦੇ ਹਲਕਾ ਵਿਧਾਨ ਸਭਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਮਿਲੀ ਜਿੱਤ ਤੋਂ ਬਾਅਦ ਲੁਧਿਆਣਾ ਵਿੱਚ ‘ਆਪ’ ਦੇ ਵਰਕਰਾਂ ਵਿੱਚ ਜਸ਼ਨ ਦਾ ਮਾਹੌਲ ਹੈ। ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਜ਼ਿਮਨੀ ਚੋਣ ਵਿੱਚ 35179 ਵੋਟਾਂ ਪਈਆਂ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10637 ਵੋਟਾਂ ਦੇ ਨਾਲ ਹਰਾ ਦਿੱਤਾ ਹੈ। ਇਸ ਜਿੱਤ ਤੋਂ ਬਾਅਦ ‘ਆਪ’ ਦੇ ਵਰਕਰਾਂ ਨੇ ਢੋਲ ਵਜਾ ਕੇ ਭੰਗੜਾ ਪਾਇਆ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਜਿੱਤ ਦੇ ਐਲਾਨ ਦੇ ਨਾਲ ਹੀ ‘ਆਪ’ ਉਮੀਦਵਾਰ ਸੰਜੀਵ ਅਰੋੜਾ, ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਰੋਡ ਸ਼ੋਅ ਕੀਤਾ ਤੇ ਲੁਧਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ।
‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਸਰਾਭਾ ਨਗਰ ਸਥਿਤ ਦਫ਼ਤਰ ਦੇ ਬਾਹਰ ਦੁਪਹਿਰ 12 ਵਜੇ ਦੇ ਕਰੀਬ ਹੀ ਢੋਲ ਵਜਣੇ ਸ਼ੁਰੂ ਹੋ ਗਏ ਸਨ। ਦੁਪਹਿਰ 12 ਵਜੇ ਤੱਕ ਹਾਲੇ ਸੰਜੀਵ ਅਰੋੜਾ ਨੂੰ ਸਿਰਫ਼ ਲੀਡ ਮਿਲ ਰਹੀ ਸੀ, ਉਹ ਜਿੱਤ ਵੱਲ ਵੱਧ ਰਹੇ ਸਨ ਪਰ ਇਸ ਦੇ ਬਾਵਜੂਦ ਲੋਕਾਂ ਨੇ ਜਿੱਤ ਦੀ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਸੀ। ਦੁਪਹਿਰ ਡੇਢ ਵਜੇ ਦੇ ਕਰੀਬ 14ਵੇਂ ਰਾਊਂਡ ਵਿੱਚ ਸੰਜੀਵ ਅਰੋੜਾ ਨੂੰ ਜੇਤੂ ਐਲਾਨ ਦਿੱਤਾ ਗਿਆ।
ਇਸ ਮਗਰੋਂ ‘ਆਪ’ ਦੇ ਦਫ਼ਤਰ ਅੱਗੇ ਜਸ਼ਨ ਦਾ ਮਾਹੌਲ ਸ਼ੁਰੂ ਹੋ ਗਿਆ। ਢੋਲ ਵਜਾਏ ਗਏ ਤੇ ਭੰਗੜੇ ਪਾਏ ਗਏ। ਇਸ ਉਪਰੰਤ ‘ਆਪ’ ਦੇ ਕੈਬਨਿਟ ਮੰਤਰੀ, ਵਿਧਾਇਕ ਤੇ ਕੌਂਸਲਰ ਸੰਜੀਵ ਅਰੋੜਾ ਦੇ ਨਾਲ ਖਾਲਸਾ ਕਾਲਜ ਵਿੱਚ ਪੁੱਜੇ, ਜਿੱਥੇ ਉਨ੍ਹਾਂ ਨੂੰ ਜੇਤੂ ਦਾ ਸਰਟੀਫਿਕੇਟ ਦਿੱਤਾ ਗਿਆ। ਇਸ ਦੌਰਾਨ ਕਾਲਜ ਦੇ ਬਾਹਰ ਵੀ ਜਸ਼ਨ ਵਾਲਾ ਮਾਹੌਲ ਸੀ। ਲੋਕਾਂ ਨੇ ਸੰਜੀਵ ਅਰੋੜਾ ਤੇ ਉਨ੍ਹਾਂ ਦੇ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ। ਸੰਜੀਵ ਅਰੋੜਾ ਨੇ ਇਸ ਜਿੱਤ ਦੇ ਲਈ ਲੋਕਾਂ ਧੰਨਵਾਦ ਕੀਤਾ।
ਹਰ ਵਾਅਦਾ ਪੂਰਾ ਕਰਨਗੇ ਸੰਜੀਵ ਅਰੋੜਾ: ਚੀਮਾ
ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸੰਜੀਵ ਅਰੋੜਾ ਨੇ ਚੋਣਾਂ ਦੌਰਾਨ ਜੋ ਵੀ ਵਾਅਦਾ ਕੀਤਾ ਸੀ, ਉਹ ਹਰ ਹਾਲ ਵਿੱਚ ‘ਆਪ’ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਜਿੱਤ ਲੋਕਾਂ ਨੇ ‘ਆਪ’ ਦੇ ਕੰਮ ਨੂੰ ਦੇਖਦਿਆਂ ਹੀ ਦਿਵਾਈ ਹੈ। ਉਨ੍ਹਾਂ ‘ਆਪ’ ਸਰਕਾਰ ਨੇ ਜੋ-ਜੋ ਕਿਹਾ ਸੀ, ਉਹ ਪੂਰਾ ਕੀਤਾ ਤੇ ਅੱਗੇ ਵੀ ਪੂਰਾ ਕੀਤਾ ਜਾਵੇਗਾ।