ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਵੱਖ ਵੱਖ ਥਾਈਂ ਸਮਾਗਮ
ਲੁਧਿਆਣਾ ’ਚ ‘ਪਰਵਾਸ ਅਤੇ ਮੌਜੂਦਾ ਹਾਲਾਤ’ ਵਿਸ਼ੇ ’ਤੇ ਸੈਮੀਨਾਰ
ਅੱਜ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਪਰਵਾਸ ਅਤੇ ਮੌਜੂਦਾ ਹਾਲਾਤ’ ਵਿਸ਼ੇ ਤੇ ਸਥਾਨਕ ਗਦਰੀ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਵਿੱਚ ਇਕੱਤਰ ਹੋਏ ਸਰੋਤਿਆਂ ਅਤੇ ਨੌਜਵਾਨ ਸਭਾ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਹਾਰ ਪਾ ਕੇ ਇਨਕਲਾਬੀ ਨਾਅਰਿਆਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨਾਂ ਨੂੰ ਨੌਜਵਾਨ ਸਭਾ ਵੱਲੋਂ ਹੋਰ ਸਹਿਯੋਗੀ ਸੱਜਣਾਂ ਦੀ ਸਹਾਇਤਾ ਨਾਲ ਬੀਜਾਂ ਅਤੇ ਹੋਰ ਸਮੱਗਰੀ ਦੀ ਗੱਡੀ ਰਵਾਨਾ ਕੀਤੀ।
ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਮੀਨੂੰ ਸ਼ਰਮਾ ਅਤੇ ਰਾਜੂ ਕਾਮਰੇਡ ਨੇ ਇਨਕਲਾਬੀ ਗੀਤ ਪੇਸ਼ ਕੀਤੇ ਅਤੇ ਮੁੱਖ ਬੁਲਾਰੇ ਕਾਮਰੇਡ ਸੁਰਿੰਦਰ ਸਿੰਘ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਪਰਵਾਸ ਦੇ ਇਤਿਹਾਸਿਕ ਪਿਛੋਕੜ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪਰਵਾਸ ਦਾ ਮਸਲਾ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਇਹ ਕੁੱਲ ਦੁਨੀਆਂ ਦੇ ਕਿਰਤੀ ਵਰਗ ਨਾਲ ਜੁੜਿਆ ਹੋਇਆ ਹੈ। ਹਰ ਮਨੁੱਖ ਚੰਗੇ ਭਵਿੱਖ ਅਤੇ ਜੀਵਨ ਢੰਗ ਦੀ ਇੱਛਾ ਰੱਖਦਾ ਹੈ ਅਤੇ ਉਸ ਦੀ ਤਲਾਸ਼ ਵਿੱਚ ਉਹ ਪਰਵਾਸ ਕਰਦਾ ਹੈ, ਕੋਈ ਸ਼ੌਂਕ ਨੂੰ ਆਪਣੀ ਜਨਮ ਭੂਮੀ ਨਹੀਂ ਛੱਡਦਾ। ਸਰਕਾਰਾਂ ਪਰਵਾਸੀ ਮਜ਼ਦੂਰਾਂ ਤੇ ਹੁੰਦੇ ਹਮਲਿਆਂ ਅਤੇ ਉਨ੍ਹਾਂ ਖਿਲਾਫ ਦਿੱਤੇ ਬਿਆਨਾਂ ਨੂੰ ਠੱਲ੍ਹ ਪਾਉਣ ਦੀ ਬਜਾਏ ਉਨ੍ਹਾਂ ਨੂੰ ਹਵਾ ਦੇ ਕੇ ਪੰਜਾਬ ਦੇ ਹੋਰ ਮੁੱਦਿਆਂ ਤੋਂ ਧਿਆਨ ਭਟਕਾ ਕੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਖੋਰਾ ਲਾ ਰਹੀ ਹੈ। ਨੌਜਵਾਨ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਨੇ ਕਿਹਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਸਾਡੇ ਗੁਰੂਆਂ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਪਰਵਾਸੀਆਂ ਤੇ ਹੋ ਰਹੇ ਹਮਲੇ ਇੱਕ ਗੈਰ ਸੰਵਿਧਾਨਕ ਵਰਤਾਰਾ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਪਰਵਾਸੀਆਂ ਤੇ ਹੋ ਰਹੇ ਹਮਲੇ ਉਨ੍ਹਾਂ ਦੇ ਸੰਵਿਧਾਨ ਅਧਿਕਾਰਾਂ ’ਤੇ ਹਮਲਾ ਹੈ। ਇਸ ਸੈਮੀਨਾਰ ਦੌਰਾਨ ਚੱਲੇ ਸਵਾਲਾਂ-ਜਵਾਬਾਂ ਦੇ ਦੌਰ ਵਿੱਚ ਰਾਕੇਸ਼ ਆਜ਼ਾਦ, ਜਗਜੀਤ ਸਿੰਘ, ਪ੍ਰਤਾਪ ਸਿੰਘ, ਰਵਿਤਾ, ਬਲਵਿੰਦਰ ਸਿੰਘ ਲਾਲਬਾਗ, ਡਾਕਟਰ ਮੋਹਣ ਸਿੰਘ ਨੇ ਹਿੱਸਾ ਲਿਆ। ਇਸ ਦੌਰਾਨ ਸੈਮੀਨਾਰ ਵਿੱਚ ਤਜਿੰਦਰ ਕੁਮਾਰ, ਕੁਲਵਿੰਦਰ ਸਿੰਘ, ਮਹੇਸ਼ ਕੁਮਾਰ, ਅਜਮੇਰ ਦਾਖਾ ਹਾਜ਼ਰ ਸਨ।