ਨਗ਼ਦੀ ਮਾਮਲਾ: ਅਕਾਲੀ ਆਗੂ ਵੱਲੋਂ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼
ਐੱਸਡੀਐੱਮ ਦਫ਼ਤਰ ਰਾਏਕੋਟ ਵਿੱਚੋਂ 12 ਜੂਨ ਨੂੰ ਭਾਰੀ ਮਾਤਰਾ ਵਿੱਚ ਨਕਦੀ ਮਿਲਣ ਦੇ ਬਹੁਚਰਚਿਤ ਮਾਮਲੇ ਵਿੱਚ ਜੁਡੀਸ਼ੀਅਲ ਰਿਮਾਂਡ ਉੱਪਰ ਜੇਲ੍ਹ ਵਿੱਚ ਬੰਦ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਬੱਗੀ ਝੋਰੜਾਂ ਨੇ ਰੈਗੂਲਰ ਜ਼ਮਾਨਤ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੁਖਜੀਤ ਸਿੰਘ ਬੱਗੀ ਵੱਲੋਂ ਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਦੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖ਼ਾਰਜ ਕਰਨ ਬਾਅਦ ਹਾਈਕੋਰਟ ਦਾ ਰੁਖ ਕੀਤਾ ਗਿਆ ਹੈ। ਹਾਈਕੋਰਟ ਵੱਲੋਂ ਬੱਗੀ ਝੋਰੜਾਂ ਦੀ ਜ਼ਮਾਨਤ ਅਰਜ਼ੀ ਸੁਣਵਾਈ ਲਈ ਸਵੀਕਾਰ ਕਰ ਲਈ ਗਈ ਹੈ ਅਤੇ 8 ਅਗਸਤ ਨੂੰ ਸੁਣਵਾਈ ਤੈਅ ਕੀਤੀ ਗਈ ਹੈ। ਕਾਬਲੇ-ਗ਼ੌਰ ਹੈ ਕਿ 12 ਜੂਨ ਨੂੰ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਦੇ ਸਟੈਨੋ ਜਤਿੰਦਰ ਸਿੰਘ ਨੀਟਾ ਵਿਰੁੱਧ ਚੌਕਸੀ ਵਿਭਾਗ ਦੀ ਲੁਧਿਆਣਾ ਰੇਂਜ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਬੀ.ਐਨ.ਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਦੋ ਦਿਨ ਬਾਅਦ ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਬੱਗੀ ਝੋਰੜਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਯੂਥ ਅਕਾਲੀ ਆਗੂ ਸੁਖਜੀਤ ਸਿੰਘ ਬੱਗੀ ਦੇ ਵਕੀਲਾਂ ਨੇ ਰਾਜਨੀਤਕ ਬਦਲਾਖੋਰੀ ਦਾ ਦੋਸ਼ ਲਾ ਕੇ ਰਾਹਤ ਮੰਗੀ ਸੀ, ਪਰ ਅਦਾਲਤ ਵੱਲੋਂ ਸਹਿਮਤੀ ਨਹੀਂ ਦਿਖਾਈ ਗਈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਜ਼ਮੀਨੀ ਝਗੜੇ ਦੇ ਮਾਮਲੇ ਵਿੱਚ ਬੱਗੀ ਖ਼ਿਲਾਫ਼ ਐਨ.ਆਰ.ਆਈ ਥਾਣਾ ਲੁਧਿਆਣਾ (ਦਿਹਾਤੀ) ਵਿੱਚ ਕੇਸ ਦਰਜ ਹੈ ਅਤੇ ਜਾਂਚ ਅਧੀਨ ਹੈ।