ਪਿੰਡ ਹੇਰਾਂ ਤੋਂ ਤਲਵੰਡੀ ਰਾਏ ਸੰਪਰਕ ਸੜਕ ’ਤੇ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰੇ ਬਲੈਕ ਸਟੋਨ ਫੀਡ ਫ਼ੈਕਟਰੀ ਦੇ ਕਰਿੰਦੇ ਨੂੰ ਘੇਰ ਕੇ ਉਸ ਕੋਲੋਂ ਨਕਦੀ ਅਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲੈਕ ਸਟੋਨ ਫੀਡ ਕੰਪਨੀ ਦੇ ਮੁਲਾਜ਼ਮ ਚਰਨਪ੍ਰੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਜੱਟਪੁਰਾ ਵੱਖ-ਵੱਖ ਪਿੰਡਾਂ ਤੋਂ ਕੰਪਨੀ ਦੀ ਉਗਰਾਹੀ ਕਰ ਕੇ ਮੋਟਰਸਾਈਕਲ ਉਪਰ ਮਡਿਆਣੀ ਤੋਂ ਤਲਵੰਡੀ ਰਾਏ ਵੱਲ ਆ ਰਿਹਾ ਸੀ, ਬਾਅਦ ਦੁਪਹਿਰ ਪਿੰਡ ਤਲਵੰਡੀ ਰਾਏ-ਹੇਰਾਂ ਸੰਪਰਕ ਸੜਕ ਉਪਰ ਸ਼ੈਲਰਾਂ ਦੇ ਨੇੜੇ ਪੁੱਜਾ ਤਾਂ ਮੋਟਰਸਾਈਕਲ ਸਵਾਰ ਨਕਾਬਪੋਸ਼ ਤਿੰਨ ਲੁਟੇਰਿਆਂ ਨੇ ਲੱਤ ਮਾਰ ਕੇ ਮੋਟਰਸਾਈਕਲ ਤੋਂ ਹੇਠਾਂ ਸੁੱਟ ਦਿੱਤਾ ਅਤੇ ਕੁੱਟਮਾਰ ਕਰ ਕੇ ਨਕਦੀ ਦੀ ਮੰਗ ਕੀਤੀ। ਕਰਿੰਦੇ ਵੱਲੋਂ ਨਾਂਹ ਕਰਨ ’ਤੇ ਇਕ ਵਿਅਕਤੀ ਨੇ ਕਿੱਟ ਖੋਹ ਲਈ। ਪੀੜਤ ਨੇ ਕਿਸੇ ਰਾਹਗੀਰ ਤੋਂ ਫੋਨ ਲੈ ਕੇ ਆਪਣੇ ਮਾਲਕ ਨੂੰ ਸੂਚਿਤ ਕੀਤਾ। ਮਾਲਕ ਵੱਲੋਂ ਪੁਲੀਸ ਕੰਟਰੋਲ ਰੂਮ ’ਤੇ ਸੂਚਿਤ ਕਰਨ ਬਾਅਦ ਥਾਣਾ ਸਦਰ ਮੁਖੀ ਕੁਲਵਿੰਦਰ ਸਿੰਘ ਅਤੇ ਡੀ ਐੱਸ ਪੀ ਹਰਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਦੇ ਬਿਆਨ ਦਰਜ ਕੀਤੇ। ਡੀ ਐੱਸ ਪੀ ਹਰਜਿੰਦਰ ਸਿੰਘ ਅਨੁਸਾਰ ਨੇੜਲੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

