ਸ਼ਹਿਰ ਦੇ ਲੋਹਾਰਾ ਦੇ ਜਸਪਾਲ ਬਾਂਗੜ ਇਲਾਕੇ ਵਿੱਚ ਰਹਿਣ ਵਾਲੀ ਇੱਕ ਕੁੜੀ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾਉਣ ਤੋਂ ਬਾਅਦ ਇੱਕ ਨੌਜਵਾਨ ਨੇ ਵਟਸਐਪ ਗਰੁੱਪਾਂ ਵਿੱਚ ਵਾਇਰਲ ਕਰ ਦਿੱਤੀਆਂ। ਮੁਲਜ਼ਮ ਨੇ ਇਹ ਤਸਵੀਰਾਂ ਕੁੜੀ ਦੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀਆਂ। ਜਦੋਂ ਕੁੜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਦਿੱਤੀ ਕਿ ਮੁਲਜ਼ਮ ਨੇ ਏਆਈ ਰਾਹੀਂ ਅਸ਼ਲੀਲ ਤਸਵੀਰਾਂ ਤਿਆਰ ਕਰਕੇ ਵਾਇਰਲ ਕੀਤੀਆਂ ਹਨ। ਸਾਈਬਰ ਸੈੱਲ ਟੀਮ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਵੀਡੀਓ ਗਿਆਸਪੁਰਾ ਦੇ ਲਕਸ਼ਮਣ ਨਗਰ ਦੇ ਰਹਿਣ ਵਾਲੇ ਸੰਤੋਸ਼ ਤਿਵਾੜੀ ਨੇ ਬਣਾਈ ਸੀ ਤੇ ਵਾਇਰਲ ਕੀਤੀ ਸੀ। ਸਾਹਨੇਵਾਲ ਥਾਣੇ ਵਿੱਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੀੜਤਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਮੁਲਜ਼ਮ ਨੇ ਏਆਈ ਰਾਹੀਂ ਉਸਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾਈ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀ। ਮੁਲਜ਼ਮ ਨੇ ਇਹ ਵੀਡੀਓ ਤੇ ਫੋਟੋਆਂ ਦੇਸੀ ਭਾਈ ਨਾਮਕ ਇੱਕ ਗਰੁੱਪ ਵਿੱਚ ਵੀ ਸ਼ੇਅਰ ਕੀਤੀਆਂ। ਪੁਲੀਸ ਨੂੰ ਸੰਤੋਸ਼ ਤਿਵਾੜੀ ਦੇ ਫੋਨ ਨੰਬਰ ਦੀ ਜਾਂਚ ਕਰਨ ਮਗਰੋਂ ਪਤਾ ਲੱਗਾ ਕਿ ਮੁਲਜ਼ਮ ਨੇ ਖੁਦ ਸਾਰੀਆਂ ਵੀਡੀਓ ਅਤੇ ਅਸ਼ਲੀਲ ਫੋਟੋਆਂ ਤਿਆਰ ਕੀਤੀਆਂ ਸਨ। ਪੁਲੀਸ ਨੇ ਮੁਲਜ਼ਮ ਸੰਤੋਸ਼ ਤਿਵਾੜੀ ਨੂੰ ਥਾਣੇ ਬੁਲਾਇਆ, ਪਰ ਉਹ ਪੁਲੀਸ ਦੇ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਨਹੀਂ ਆਇਆ, ਜਿਸ ਮਗਰੋਂ ਉਸ ਖ਼ਿਲਾਫ਼ ਕੇਸ ਦਰਜ ਕੀਤੇ ਗਿਆ ਹੈ।