ਮੇਲੇ ’ਚ ਚੋਰੀਆਂ ਕਰਨ ਦੇ ਦੋਸ਼ ਹੇਠ ਦੋ ਔਰਤਾਂ ਖ਼ਿਲਾਫ਼ ਕੇਸ ਦਰਜ
ਗੁਰਦੁਆਰਾ ਗੁਰੂਸਰ ਕਾਂਉਕੇ ਮੇਲੇ ’ਚ ਚੁੱਕੇ ਕਈ ਪਰਸ; ਭੀਡ਼ ਦਾ ਲਾਹਾ ਲੈ ਕੇ ਮੁਲਜ਼ਮਾਂ ਫਰਾਰ
ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਇਲਾਕੇ ਦੇ ਪ੍ਰਸਿੱਧ ਗੁਰਦੁਆਰਾ ਪਾਤਸ਼ਾਹੀ ਛੇਂਵੀ ਗੁਰੂਸਰ ਕਾਂਉਕੇ ਸਥਾਨ ’ਤੇ ਨਤਮਸਤਕ ਹੋਣ ਆਈ ਸੰਗਤ ਦੇ ਪਰਸ ਗਹਿਣੇ ਨਕਦੀ ਆਦਿ ਚੋਰੀ ਹੋਏ। ਇਸ ਸਬੰਧ ਵਿੱਚ ਦੋ ਔਰਤਾਂ ਦੀ ਪਛਾਣ ਵੀ ਹੋਈ ਪਰ ਭੀੜ ਦਾ ਸਹਾਰਾ ਲੈ ਕੇ ਉਹ ਭੱਜਣ ਵਿੱਚ ਕਾਮਯਾਬ ਰਹੀਆਂ।ਇਸ ਸਬੰਧ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਦੋ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਗੁਰਦੁਆਰੇ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਸੰਗਤ ਗੁਰੂ ਘਰ ਇਸ਼ਨਾਨ ਕਰਨ ਅਤੇ ਨਤਮਸਤਕ ਹੋਣ ਲਈ ਆਉਂਦੀ ਹੈ। ਜਿਸ ਦਾ ਫਾਇਦਾ ਚੁੱਕਦੇ ਹੋਏ ਕੁਝ ਮਾੜੀ ਪ੍ਰਬਿਰਤੀ ਵਾਲੇ ਲੋਕਾਂ ਨੇ ਚੋਰੀਆਂ ਵੀ ਕੀਤੀਆਂ ਹਨ। ਬੀਤੇ ਕੱਲ੍ਹ ਮੇਲੇ ਵਿੱਚ ਰੌਲਾ ਪੈ ਗਿਆ ਕਿ ਕੁੱਝ ਔਰਤਾਂ ਦੇ ਪਰਸ ਚੋਰੀ ਹੋ ਗਏ ਹਨ। ਇਸ ਮੌਕੇ ਗੁਰੂ ਘਰ ਵਿੱਚ ਤਾਇਨਾਤ ਸੇਵਾਦਾਰਾਂ ਨੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ। ਇਸ ਦੌਰਾਨ ਪਤਾ ਲੱਗਿਆ ਕਿ ਸੀਤਾ ਤੇ ਅੰਨੂ ਵਾਸੀ ਝੁੱਗੀਆਂ ਦਾਣਾ ਮੰਡੀ ਰਾਏਕੋਟ ਇਥੇ ਚੋਰੀਆਂ ਕਰ ਰਹੀਆਂ ਹਨ ਤੇ ਉਨ੍ਹਾਂ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਹਨ। ਮਹਿਲਾ ਸੇਵਾਦਾਰ ਜਸਵਿੰਦਰ ਕੌਰ ਨੇ ਦੋਵਾਂ ਨੂੰ ਪਖਾਨਿਆਂ ਵਿੱਚੋਂ ਨਿਕਲਦਿਆਂ ਕਾਬੂ ਕਰ ਲਿਆ। ਦੋਵਾਂ ਨੂੰ ਜਦੋਂ ਮੈਨੇਜਰ ਦੇ ਦਫ਼ਤਰ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਭੀੜ ਦਾ ਲਾਹਾ ਲੈ ਕੇ ਦੋਵੇਂ ਭੱਜਣ ’ਚ ਕਾਮਯਾਬ ਰਹੀਆਂ। ਇਸ ਮੌਕੇ ਉਨ੍ਹਾਂ ਦਾ ਇੱਕ ਦਸਤੀ ਬੈਗ ਉੱਥੇ ਛੁੱਟ ਗਿਆ ਜਿਸ ਵਿੱਚ ਦੋ ਵੱਖ-ਵੱਖ ਪਰਸ, ਪੈਸੇ ਤੇ ਆਧਾਰ ਕਾਰਡ ਆਦਿ ਮਿਲੇ ਹਨ। ਮੈਨੇਜਰ ਨੇ ਸਾਰਾ ਸਮਾਨ ਸਹਾਇਕ ਸਬ-ਇੰਸਪੈਕਟਰ ਧਰਮਿੰਦਰ ਸਿੰਘ ਨੂੰ ਸੌਂਪ ਦਿੱਤਾ ਹੈ। ਪੁਲੀਸ ਨੇ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕਰਕੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

