ਠੱਗੀ ਦੇ ਮਾਮਲੇ ਵਿੱਚ ਦੋ ਖ਼ਿਲਾਫ਼ ਕੇਸ ਦਰਜ
ਥਾਣਾ ਜੋਧਾਂ ਦੀ ਪੁਲੀਸ ਨੇ ਅਮਿੱਤ ਕੁਮਾਰ ਲੇਖੀ ਪੁੱਤਰ ਅਸ਼ੋਕ ਕੁਮਾਰ ਵਾਸੀ ਸਾਹਨੇਵਾਲ ਦੀ ਸ਼ਿਕਾਇਤ ਉਪਰ ਗੁਰਚਰਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਠੱਕਰਵਾਲ ਅਤੇ ਭਗਵੰਤ ਸਿੰਘ ਵਾਸੀ ਦੋਲੋਂ ਕਲਾਂ ਵਿਰੁੱਧ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ। ਜਾਂਚ ਅਫ਼ਸਰ ਸਬ-ਇੰਸਪੈਕਟਰ ਗੁਰਚਰਨ ਸਿੰਘ ਅਨੁਸਾਰ ਜ਼ਿਲ੍ਹਾ ਪੁਲੀਸ ਮੁਖੀ ਡਾਕਟਰ ਅੰਕੁਰ ਗੁਪਤਾ ਵੱਲੋਂ ਪ੍ਰਵਾਨਗੀ ਮਿਲਣ ਬਾਅਦ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਸ਼ਿਕਾਇਤਕਰਤਾ ਅਮਿੱਤ ਕੁਮਾਰ ਲੇਖੀ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਅਨੁਸਾਰ ਗੁਰਚਰਨ ਸਿੰਘ ਵਾਸੀ ਠੱਕਰਵਾਲ ਅਤੇ ਭਗਵੰਤ ਸਿੰਘ ਵਾਸੀ ਦੋਲੋਂ ਕਲਾਂ ਵੱਲੋਂ ਅਪਰਾਧਿਕ ਸਾਜ਼ਿਸ਼ ਤਹਿਤ ਉਸ ਕੋਲੋਂ ਬਿਆਨੇ ਦੇ ਰੂਪ ਵਿੱਚ 10 ਲੱਖ ਰੁਪਏ ਦੀ ਰਾਸ਼ੀ ਹਾਸਲ ਕਰ ਲਈ ਗਈ ਸੀ ਪਰ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਨੂੰ ਕਰਵਾ ਦਿੱਤੀ ਗਈ। ਇਸ ਤਰ੍ਹਾਂ ਮੁਲਜ਼ਮਾਂ ਨੇ ਨਾ ਉਸ ਨੂੰ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਸ਼ਰਤਾਂ ਅਨੁਸਾਰ ਉਸ ਦੀ ਰਾਸ਼ੀ ਵਾਪਸ ਕੀਤੀ।