ਥਾਣਾ ਸਿੱਧਵਾਂ ਬੇਟ ਦੇ ਪਿੰਡ ਭੂੰਦੜੀ ’ਚ ਦੋ ਪਰਿਵਾਰਾਂ ਵਿੱਚਕਾਰ ਲੜਕੇ ਤੇ ਲੜਕੀਆਂ ਨੂੰ ਵਿਦੇਸ਼ ਭੇਜਣ ਲਈ ਇੱਕ ਸਮਝੌਤਾ ਹੋਇਆ ਸੀ, ਜਿਸ ਤੋਂ ਮੁਕਰਨ ’ਤੇ ਮਾਂ-ਧੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਵਾਸੀ ਪਿੰਡ ਭੂੰਦੜੀ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਬਲਜੀਤ ਕੌਰ ਵਾਸੀ ਪਿੰਡ ਚੜਿੱਕ (ਮੋਗਾ) ਹਾਲ ਵਾਸੀ ਪਿੰਡ ਭੂੰਦੜੀ ਨਾਲ ਉਸ ਨੇ ਸਮਝੌਤਾ ਕੀਤਾ ਸੀ ਕਿ ਉਸ ਦੀ ਧੀ ਰਵਨੀਤ ਕੌਰ ਦਾ ਵਿਆਹ ਉਹ ਆਪਣੇ ਕੈਨੇਡਾ ਵਸਦੇ ਲੜਕੇ ਗੁਰਇਕਬਾਲ ਸਿੰਘ ਨਾਲ ਕਰਵਾ ਕੇ ਲੜਕੀ ਨੂੰ ਬਾਹਰ ਭੇਜੇਗਾ ਤੇ ਬਦਲੇ ਵਿੱਚ ਬਲਜੀਤ ਕੌਰ ਦੀ ਕੈਨੇਡਾ ਵਸਦੀ ਧੀ ਮਨਵੀਰ ਕੌਰ ਸੁਖਦੇਵ ਸਿੰਘ ਦੇ ਦੂਜੇ ਲੜਕੇ ਗੁਰਬੀਰ ਸਿੰਘ ਨਾਲ ਵਿਆਹ ਕਰਵਾ ਕੇ ਉਸ ਨੂੰ ਬਾਹਰ ਸੱਦੇਗੀ।
ਸੁਖਦੇਵ ਸਿੰਘ ਨੇ ਦੋਸ਼ ਲਾਇਆ ਕਿ ਗੁਰਇਕਬਾਲ ਨੇ 2017 ਵਿੱਚ ਰਵਨੀਤ ਨਾਲ ਵਿਆਹ ਕਰਵਾ ਕੇ ਉਸ ਨੂੰ ਬਾਹਰ ਸੱਦ ਕੇ ਪੀਆਰ ਕਰਵਾ ਦਿੱਤਾ ਹੈ ਪਰ ਮਨਵੀਰ ਕੌਰ ਨੇ ਐਂਬੈਸੀ ਵਿੱਚ ਗੁਰਬੀਰ ਸਿੰਘ ਦੀ ਫਾਈਲ ’ਤੇ ਰੋਕ ਲਗਵਾ ਦਿੱਤੀ। ਮਨਵੀਰ ਕੋਲ ਸਹੁਰੇ ਪਰਿਵਾਰ ਦੇ ਦਿੱਤੇ ਗਹਿਣੇ ਵੀ ਹਨ। 2022 ਤੋਂ ਬਾਅਦ ਮਨਵੀਰ ਕੌਰ ਨੇ ਗੁਰਬੀਰ ਨਾਲ ਸੰਪਰਕ ਵੀ ਤੋੜ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਡੀ.ਐਸ.ਪੀ (ਡੀ) ਵੱਲੋਂ ਕੀਤੀ ਗਈ ਜਿਸ ਮਗਰੋਂ ਮਨਵੀਰ ਕੌਰ ਤੇ ਬਲਜੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।