ਸਿੱਧਵਾਂ ਬੇਟ ਦੀ ਰਹਿਣ ਵਾਲੀ ਵਿਧਵਾ ਔਰਤ ਦੀ ਜ਼ਮੀਨ ਹਥਿਆਉਣ ਲਈ ਉਸ ਦੀਆਂ ਧੀਆਂ ਤੇ ਜਵਾਈਆਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਸਬੰਧੀ ਪੁਲੀਸ ਨੇ ਦੋਵੇਂ ਧੀਆਂ ਤੇ ਜਵਾਈਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧ ਵਿੱਚ ਸਿੱਧਵਾਂ ਬੇਟ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਗੁਰਦੇਵ ਕੌਰ ਪਤਨੀ ਮਰਹੂਮ ਗੁਰਚਰਨ ਸਿੰਘ ਨੇ ਬਿਆਨ ਦਿੱਤਾ ਕਿ ਉਸ ਦੀਆਂ ਧੀਆਂ ਗੁਰਮੀਤਪਾਲ ਕੌਰ ਤੇ ਜਸਦੀਪ ਕੌਰ ਪਿੰਡ ਵਿਰਕ ’ਚ ਰਹਿਣ ਵਾਲੇ ਦਲਜੀਤ ਸਿੰਘ ਨਾਂ ਦੇ ਦੋ ਲੜਕਿਆਂ ਨਾਲ ਵਿਆਹੀਆਂ ਹੋਈਆਂ ਹਨ। ਗੁਰਦੇਵ ਕੌਰ ਦੇ ਪਤੀ ਦੀ 20 ਵਰ੍ਹੇ ਪਹਿਲਾਂ ਮੌਤ ਹੋ ਗਈ ਸੀ ਪਰ ਗੁਰਚਰਨ ਸਿੰਘ ਨੇ ਜਿਉਂਦੇ ਜੀਅ ਆਪਣੀ 16 ਏਕੜ ਜ਼ਮੀਨ ਦੀ ਵੰਡ ਕੀਤੀ ਸੀ। ਇਸ ਵੰਡ ਤਹਿਤ ਤਿੰਨ ਏਕੜ ਜ਼ਮੀਨ, ਬੈਂਕ ਬੈਲੇਂਸ ਤੇ ਜੱਦੀ ਘਰ ਗੁਰਦੇਵ ਕੌਰ ਦੇ ਨਾਮ ਲਿਖੇ ਗਏ ਸਨ। ਬਾਕੀ 13 ਏਕੜ ਜ਼ਮੀਨ ਦੋਵੇਂ ਧੀਆਂ ਵਿੱਚ ਵੰਡੀ ਗਈ ਸੀ।
ਗੁਰਦੇਵ ਕੌਰ ਨੇ ਦੋਸ਼ ਲਾਇਆ ਕਿ ਦੋ ਵਰ੍ਹੇ ਪਹਿਲਾਂ ਦੋਵੇਂ ਧੀਆਂ ਨੇ ਉਸ ਦੀ ਜ਼ਮੀਨ ’ਤੇ ਵੀ ਕਬਜ਼ਾ ਕਰ ਲਿਆ। ਗੁਰਦੇਵ ਕੌਰ ਨੇ ਇਸ ਖ਼ਿਲਾਫ਼ ਕੇਸ ਦਾਇਰ ਕੀਤਾ ਜੋ ਹਾਲੇ ਵਿਚਾਰ ਅਧੀਨ ਹੈ। ਇਸ ਦੌਰਾਨ ਬੀਤੀ 24 ਅਗਸਤ ਨੂੰ ਗੁਰਮੀਤਪਾਲ ਕੌਰ, ਜਸਦੀਪ ਕੌਰ, ਜਵਾਈ ਦਲਜੀਤ ਸਿੰਘ ਤੇ ਬੇਅੰਤ ਸਿੰਘ ਵਾਸੀ ਪਿੰਡ ਸਵੱਦੀ ਕਲਾਂ ਦੋ ਟਰੈਕਟਰ ਲੈ ਕੇ ਸਵੱਦੀ ਕਲਾਂ ਵਿਚਲੀ ਉਸ ਦੀ ਡੇਢ ਕਿੱਲਾ ਜ਼ਮੀਨ ਵਾਹੁਣ ਲੱਗ ਗਏ। ਜਦੋਂ ਗੁਰਦੇਵ ਕੌਰ ਉਨ੍ਹਾਂ ਨੂੰ ਰੋਕਣ ਲਈ ਮੌਕੇ ’ਤੇ ਪਹੁੰਚੀ ਤਾਂ ਦੋਵੇਂ ਧੀਆਂ, ਜਵਾਈ ਤੇ ਚੌਥੇ ਵਿਅਕਤੀ ਨੇ ਉਸ ਦੀ ਕੁੱਟਮਾਰ ਕੀਤੀ ਤੇ ਕੱਪੜੇ ਪਾੜ ਦਿੱਤੇ। ਪੁਲੀਸ ਨੇ ਜ਼ਮੀਨ ’ਤੇ ਕਬਜ਼ਾ ਕਰਨ ਅਤੇ ਮਾਤਾ ਦੀ ਕੁੱਟਮਾਰ ਦੇ ਮਾਮਲੇ ਵਿੱਚ ਉਕਤ ਚਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।