ਨੇੜਲੇ ਪਿੰਡ ਗਾਲਿਬ ਕਲਾਂ ਵਿੱਚ ਦੋ ਦਿਨ ਪਹਿਲਾਂ ਦੇਰ ਰਾਤ ਨੂੰ ਪਿੰਡ ਦੀ ਧਰਮਸ਼ਾਲਾ ’ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਗੋਲੀਆਂ ਚਲਾਉਣ ਵਾਲਿਆਂ ਵਿੱਚੋਂ ਪੁਲੀਸ ਨੇ 7 ਜਣਿਆਂ ਦੀ ਸ਼ਨਾਖ਼ਤ ਕਰ ਲਈ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਨ ਮਗਰੋਂ ਥਾਣਾ ਸੀ.ਆਈ.ਏ ਦੀ ਪੁਲੀਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਕੇਸ ਦੇ ਸਬੰਧ ਵਿੱਚ ਡੀ.ਐਸ.ਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਗਾਲਿਬ ਕਲਾਂ ’ਚ ਸੁਖਵਿੰਦਰ ਸਿੰਘ ਉਰਫ ਕੂਚਾ ਦੇ ਵਿਆਹ ਦੀ ਪਾਰਟੀ ਚੱਲ ਰਹੀ ਸੀ। ਉੱਥੇ ਮੌਜੂਦ ਕੁੱਝ ਲੋਕ ਲਾਇਸੰਸੀ ਅਤੇ ਗ਼ੈਰ ਲਾਇਸੰਸੀ ਹਥਿਆਰਾਂ ਨਾਲ ਗੋਲੀਆਂ ਚਲਾਉਣ ਲੱਗ ਪਏ ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਹੌਲ ਬਣ ਗਿਆ। ਮੁਲਜ਼ਮਾਂ ਵੱਲੋਂ ਚਲਾਈਆਂ ਗੋਲੀਆਂ ਧਰਮਸ਼ਾਲਾ ਦੇ ਸ਼ੈੱਡ ਨੂੰ ਚੀਰਦੀਆਂ ਹੋਈਆਂ ਲੰਘ ਗਈਆਂ। ਡਰ ਦੇ ਮਾਰੇ ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਜਦੋਂ ਪੁਲੀਸ ਪਿੰਡ ਵਿੱਚ ਦਾਖਲ ਹੋਈ ਤਾਂ ਸਾਇਰਨ ਦੀ ਆਵਾਜ਼ ਸੁਣ ਕੇ ਸਾਰੇ ਆਰੋਪੀ ਫਰਾਰ ਹੋ ਗਏ। ਪੁਲੀਸ ਨੇ ਹੁਸ਼ਿਆਰੀ ਵਰਤਦਿਆਂ ਘਟਨਾ ਸਥਾਨ ’ਤੇ ਖੜ੍ਹੀਆਂ ਸਾਰੀਆਂ ਗੱਡੀਆਂ ਦਾ ਇੱਕ-ਇੱਕ ਪਹੀਆ ਲਾਹ ਲਿਆ ਤਾਂ ਜੋ ਮੁਲਜ਼ਮ ਗੱਡੀਆਂ ਲੈ ਕੇ ਫਰਾਰ ਨਾ ਹੋ ਸਕਣ। ਕਾਰਾਂ ਦੇ ਪਹੀਏ ਉਤਾਰੇ ਹੋਣ ਕਾਰਨ ਮੁਲਜ਼ਮਾਂ ਦੀ ਸ਼ਨਾਖਤ ਪੁਲੀਸ ਨੂੰ ਕਰਨੀ ਸੁਖਾਲੀ ਰਹੀ। ਡੀ.ਐਸ.ਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਵਿੱਚ ਦਵਿੰਦਰ ਉਰਫ ਬਾਬਾ ਵਾਸੀ ਕਾਲੇਕੇ (ਮੋਗਾ), ਗੋਬਿੰਦ ਸਿੰਘ ਉਰਫ ਕੁੰਦਨ ਵਾਸੀ ਮਾਣੂੰਕੇ, ਸੋਨੂੰ ਉਰਫ ਕੰਨੀਆਂ (ਜਗਰਾਉਂ), ਲਵਪ੍ਰੀਤ ਸਿੰਘ ਉਰਫ ਕਾਲੂ ਗਾਲਿਬ, ਅਨਮੋਲ ਸਿੰਘ ਉਰਫ ਕੱਟਾ ਜਗਰਾਉਂ, ਅਕਾਸ਼ਦੀਪ ਉਰਫ ਟੱਲੀ ਵਾਸੀ ਪਿੰਡ ਮਲਕ ਤੇ ਜੇਮਜ਼ ਵਾਸੀ ਅਲੀਪੁਰ (ਫਤਿਹਗੜ ਸਾਹਿਬ) ਵਜੋਂ ਹੋਈ ਹੈ। ਉਨਾਂ ਦੱਸਿਆ ਕਿ ਥਾਣਾ ਸਦਰ ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 25,27 ਅਸਲਾ ਐਕਟ,ਧਾਰਾ 3,4 ਪਬਲਿਕ ਪ੍ਰਾਪਰਟੀ ਡੈਮੇਜ਼ ਐਕਟ 1984 ਧਾਰਾ 125,190,191(3) ਬੀਐਨਐਸ ਅਧੀਨ ਕੇਸ ਦਰਜ਼ ਕੀਤਾ ਹੈ। ਪੁਲੀਸ ਅਨੁਸਾਰ ਸਾਰੇ ਮੁਲਜ਼ਮ ਹਾਲੇ ਫਰਾਰ ਹਨ। ਉਨ੍ਹਾਂ ਦੇ ਅਣਪਛਾਤੇ ਸਾਥੀਆਂ ਦੀ ਵੀ ਸ਼ਨਾਖਤ ਕੀਤੀ ਜਾ ਰਹੀ ਹੈ।
+
Advertisement
Advertisement
Advertisement
×