ਕੁੱਟਮਾਰ ਕਰਨ ਦੇ ਦੋਸ਼ ਹੇਠ 12 ਖ਼ਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਜੂਨ
ਥਾਣਾ ਸ਼ਿਮਲਾਪੁਰੀ ਦੇ ਇਲਾਕੇ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਲੜਾਈ, ਝਗੜੇ ਤੇ ਕੁੱਟਮਾਰ ਦੇ ਮਾਮਲਿਆਂ ’ਚ ਪੁਲੀਸ ਨੇ 12 ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਕੁਆਲਿਟੀ ਰੋਡ ਨੇੜੇ ਮਠਾੜੂ ਚੌਕ ਸ਼ਿਮਲਾਪੁਰੀ ਵਾਸੀ ਜਸਮਿੰਦਰ ਸਿੰਘ ਨੇ ਆਪਣੇ ਚਾਚੇ ਦੇ ਲੜਕੇ ਪੁਸ਼ਪਿੰਦਰ ਸਿੰਘ ਬੇਦੀ ਉਰਫ਼ ਅਨਮੋਲ ਨੂੰ ਇੱਕ ਐੱਲਈਡੀ ਵੇਚੀ ਸੀ, ਜਿਸ ਵੱਲ ਉਸ ਨੇ 8000 ਰੁਪਏ ਬਕਾਇਆ ਲੈਣੇ ਸਨ। ਉਸ ਵੱਲੋਂ ਪੈਸਿਆਂ ਦੀ ਮੰਗ ਕਰਨ ’ਤੇ ਪੁਸ਼ਪਿੰਦਰ ਸਿੰਘ ਨੇ ਆਪਣੇ ਸਾਥੀ ਵਿਜੇ ਕੁਮਾਰ ਉਰਫ਼ ਵਿੱਕੀ ਅਤੇ ਹੋਰ 10/11 ਵਿਅਕਤੀਆਂ, ਕਿਸ਼ਨ ਕੁਮਾਰੀ ਤੇ ਵਿਸ਼ਾਲੀ ਸਮੇਤ ਮਿਲ ਕੇ ਉਸ ਨੂੰ ਅਗਵਾ ਕਰਕੇ ਗਲੀ ਨੰਬਰ 21 ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ ਬਰੋਟਾ ਰੋਡ ਵਿੱਚ ਇੱਕ ਖਾਲੀ ਪਲਾਟ ਵਿੱਚ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ। ਥਾਣੇਦਾਰ ਬਚਿੱਤਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਪੁਸ਼ਪਿੰਦਰ ਸਿੰਘ ਬੇਦੀ ਉਰਫ਼ ਅਨਮੋਲ ਵਾਸੀਧਾਂਦਰਾ ਰੋਡ ਮੁਹੱਲਾ ਬਾਬਾ ਦੀਪ ਸਿੰਘ ਨਗਰ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਪੀਏਯੂ ਦੀ ਪੁਲੀਸ ਨੂੰ ਪੁਨੀਤ ਸ਼ਰਮਾ ਵਾਸੀ ਹੈਬੋਵਾਲ ਖੁਰਦ ਨੇ ਦੱਸਿਆ ਹੈ ਕਿ ਉਹ
ਆਪਣੇ ਦੋਸਤ ਸਿਮਰਦੀਪ ਸਿੰਘ ਦੇ ਨਾਲ ਗੱਲਾਂ ਕਰ ਰਿਹਾ ਸੀ ਤਾਂ 4/5 ਮੋਟਰਸਾਈਕਲ ਜਿਨ੍ਹਾਂ ’ਤੇ ਛੋਟਾ ਲੱਲਾ, ਸ਼ੰਕਰੀ, ਵਿੱਕੀ ਕੌਸ਼ਲ, ਅਮਿੱਤ ਸੈਣੀ, ਸ਼ੰਭੂ ਸਮੇਤ 6/7 ਹੋਰ ਅਣਪਛਾਤੇ ਲੜਕੇ ਜੋ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ। ਉਨ੍ਹਾਂ ਉਸ ਦੀ ਅਤੇ ਦੋਸਤ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਲਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜ਼ੈੱਡ ਬਲਾਕ ਰਿਸ਼ੀ ਨਗਰ ਵਾਸੀਆਨ ਛੋਟਾ ਲੱਲਾ, ਸ਼ੰਕਰੀ, ਵਿੱਕੀ ਕੌਸ਼ਲ ਅਤੇ ਅਮਿਤ ਸੈਣੀ ਤੋਂ ਇਲਾਵਾ ਸ਼ੰਭੂ ਵਾਸੀ ਚਾਂਦ ਕਲੋਨੀ ਅਤੇ 7 ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।