ਕੁੱਟਮਾਰ ਮਾਮਲੇ ’ਚ 12 ਖ਼ਿਲਾਫ਼ ਕੇਸ ਦਰਜ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 19 ਜੂਨ
ਮੋਗਾ ਰੋਡ ’ਤੇ ਸਥਿਤ ਢਾਬੇ ਉੱਤੇ 14 ਜੂਨ ਦੀ ਰਾਤ ਨੂੰ ਆਪਣੇ ਸਾਥੀ ਦੀ ਉਡੀਕ ਕਰ ਰਹੇ ਦੋ ਚਚੇਰੇ ਭਰਾਵਾਂ ਦੀ ਤਿੰਨ ਸਵਿਫਟ ਕਾਰਾਂ ’ਚ ਆਏ ਮਾਰੂ ਹਥਿਆਰਾਂ ਨਾਲ ਲੈਸ 12 ਦੇ ਕਰੀਬ ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਪੁਲੀਸ ਥਾਣਾ ਸ਼ਹਿਰੀ ਦੀ ਪੁਲੀਸ ਨੇ ਪੰਜ ਦਿਨ ਬਾਅਦ ਪੀੜਤ ਧਿਰ ਦੇ ਬਿਆਨਾਂ ’ਤੇ ਪੰਜ ਅਣਪਛਾਤਿਆਂ ਸਣੇ 12 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੀੜਤ ਲਖਵਿੰਦਰ ਸਿੰਘ ਵਾਸੀ ਪਿੰਡ ਜਗਰਾਉਂ ਪੱਤੀ ਮਲਕ ਦਿਆ ਨੰਦ ਹਸਪਤਾਲ ਲੁਧਿਆਣਾ ਵਿੱਚ ਜ਼ੇਰੇ ਇਲਾਜ ਹੈ। ਲਖਵਿੰਦਰ ਸਿੰਘ ਨੇ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਹ 14 ਜੂਨ ਦੀ ਰਾਤ ਨੂੰ ਕਰੀਬ 10:30 ਵਜੇ ਆਪਣੇ ਚਾਚੇ ਦੇ ਲੜਕੇ ਬਰਿੰਦਰ ਸਿੰਘ ਨਾਲ ਪਰਦੇਸੀ ਢਾਬੇ ’ਤੇ ਗਿਆ ਸੀ, ਉੱਥੇ ਉਹ ਆਪਣੇ ਦੂਜੇ ਚਾਚੇ ਦੇ ਲੜਕੇ ਦੀ ਉਡੀਕ ਕਰਨ ਲੱਗਿਆ। ਇਸ ਦੌਰਾਨ ਢਾਬੇ ’ਤੇ ਤਿੰਨ ਸਵਿਫਟ ਕਾਰਾਂ ’ਚ ਸਵਾਰ 12 ਦੇ ਕਰੀਬ ਵਿਅਕਤੀ, ਜਿਨ੍ਹਾਂ ਵਿੱਚੋਂ ਉਹ ਰੋਮਨ ਸਿੱਧੂ ਵਾਸੀ ਕੱਚਾ ਮਲਕ ਰੋਡ, ਪਵਨ ਸਰਾਂ ਵਾਸੀ ਕਾਲੀਏਵਾਲ, ਨਵਜੋਤ ਸਿੰਘ ਅਤੇ ਮਨਜੋਤ ਸਿੰਘ ਦੋਵੇਂ ਸਕੇ ਭਰਾ ਵਾਸੀ ਚੋਟੀਆਂ ਖੁਰਦ, ਗੋਪੀ ਗਿੱਲ, ਸਵਰਨ ਗਿੱਲ ਵਾਸੀ ਚੂਹੜਚੱਕ, ਨਵ ਮੱਲ੍ਹੀ ਨੂੰ ਪਛਾਣਦਾ ਹੈ, ਨੇ ਮਾਰੂ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।