ਨਹਿਰੀ ਖਾਲ ਤੋੜਨ ਮਗਰੋਂ ਖੁਰਦ-ਬੁਰਦ ਕਰਨ ਦਾ ਮਾਮਲਾ ਭਖਿਆ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਮਈ
ਨਜ਼ਦੀਕੀ ਪਿੰਡ ਸਿੱਧਵਾਂ ਖੁਰਦ ਵਿੱਚ ਨਹਿਰੀ ਪਾਣੀ ਵਾਲੇ ਸਰਕਾਰੀ ਖਾਲ ਨੂੰ ਗੈਰਕਾਨੂੰਨੀ ਤਰੀਕੇ ਨਾਲ ਖੁਰਦ-ਬੁਰਦ ਕਰਨ ਦਾ ਮਾਮਲਾ ਭਖ ਗਿਆ ਹੈ। ਇੱਕ ਪਾਸੇ ਇਸ ਦੀ ਸ਼ਿਕਾਇਤ ਵਿਭਾਗ ਦੇ ਫਰੀਦਕੋਟ ਸਥਿਤ ਮੁੱਖ ਦਫ਼ਤਰ ਵਿੱਚ ਕਰ ਦਿੱਤੀ ਗਈ ਹੈ ਉੱਥੇ ਦੂਜੇ ਪਾਸੇ ਮੌਕੇ ’ਤੇ ਪਿੰਡ ਦੇ ਮੋਹਤਬਰਾਂ ਦੇ ਹੋਏ ਇਕੱਠ ਵਿੱਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਕੀਮਾਨ ਦੇ ਆਗੂ ਸਤਨਾਮ ਸਿੰਘ ਮੋਰਕਰੀਮਾਂ ਤੇ ਪ੍ਰਧਾਨ ਜਤਿੰਦਰ ਸਿੰਘ ਸਿੱਧਵਾਂ ਆਦਿ ਨੇ ਪ੍ਰਸ਼ਾਸਨ ’ਤੇ ਮਾਮਲਾ ਅੱਖੋਂ ਪਰੋਖੇ ਕਰਨ ਅਤੇ ਪੱਖਪਾਤ ਦੇ ਦੋਸ਼ ਲਾਏ।
ਉਨ੍ਹਾਂ ਨਾਲ ਹੀ ਤਾੜਨਾ ਕੀਤੀ ਕਿ ਮਸਲੇ ਦਾ ਹੱਲ ਨਾ ਹੋਣ ’ਤੇ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇੱਕ ਪਾਸੇ ਪੰਜਾਬ ਸਰਕਾਰ ਨਹਿਰੀ ਪਾਣੀ ਹਰੇਕ ਖੇਤ ਤਕ ਪਹੁੰਚਦਾ ਕਰਨ ਲਈ ਜੱਦੋ ਜਹਿਦ ਕਰਨ ਦਾ ਦਾਅਵਾ ਕਰਦੀ ਹੈ ਅਤੇ ਜਿੱਥੇ ਇਹ ਪਾਣੀ ਆਜ਼ਾਦੀ ਤੋਂ ਬਾਅਦ ਦਾ ਹੀ ਆ ਰਿਹਾ ਸੀ, ਉਹ ਕਿਸੇ ਦੇ ਰੋਕੇ ਜਾਣ ’ਤੇ ਬਣਦੀ ਕਾਰਵਾਈ ਨਹੀਂ ਹੋ ਰਹੀ। ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਇਸ ਮਸਲੇ ’ਤੇ ਧਾਰੀ ਚੁੱਪ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਰੋਸ ਪ੍ਰਗਟਾਵਾ ਕੀਤਾ। ਕਿਸਾਨ ਜਤਿੰਦਰ ਸਿੰਘ ਤੇ ਹੋਰਨਾਂ ਨੇ ਦੋਸ਼ ਲਾਇਆ ਕਿ ਪਿੰਡ ਦੇ ਹੀ ਇੱਕ ਕਿਸਾਨ ਨੇ ਬਿਨਾਂ ਕਿਸੇ ਸਰਕਾਰੀ ਆਦੇਸ਼ ਜਾਂ ਮਨਜ਼ੂਰੀ ਦੇ ਮੋਘੇ ਤੋਂ ਪਾਣੀ ਲੈ ਕੇ ਜਾਣ ਵਾਲਾ ਸਰਕਾਰੀ ਖਾਲ਼ ਤੋੜ ਦਿੱਤਾ ਸੀ। ਇਸ ਨਾਲ ਪਿੰਡ ਦੇ ਹੋਰ ਕਿਸਾਨਾਂ ਨੂੰ ਸਿੰਜਾਈ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਘਟਨਾ ਦੇ ਤੁਰੰਤ ਬਾਅਦ ਪਿੰਡ ਦੇ ਕਈ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਅਤੇ ਇਸ ਸਬੰਧੀ ਮੀਡੀਆ ਵਿੱਚ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ ਪਰ ਕਰੀਬ ਹਫ਼ਤਾ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਸ ਮਾਮਲੇ ’ਤੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਕਿਸਾਨ ਆਗੂ ਸਤਨਾਮ ਸਿੰਘ ਮੋਰਕਰੀਮਾ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਸਰਕਾਰ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਏ ਜਾਣ ਦੇ ਦਾਅਵੇ ਖੋਖਲੇ ਸਾਬਤ ਕਰ ਰਿਹਾ ਹੈ। ਪ੍ਰਧਾਨ ਮੋਰਕਰੀਮਾਂ ਨੇ ਹਫ਼ਤੇ ਦਾ ਅਲਟੀਮੇਟਮ ਦਿੱਤਾ ਅਤੇ ਕਿਹਾ ਕਿ ਜੇਕਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਬਣਦੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਧਰਨਾ ਲਾਉਣਾ ਕਿਸਾਨ ਮਜ਼ਦੂਰ ਜਥੇਬੰਦੀ ਦੀ ਮਜਬੂਰੀ ਹੋਵੇਗਾ।
ਫੀਲਡ ਅਫ਼ਸਰ ਤੇ ਪਟਵਾਰੀ ਨੂੰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਜਾਰੀ
ਨਹਿਰੀ ਵਿਭਾਗ ਦੇ ਐੱਸਡੀਓ ਪੁਸ਼ਪਿੰਦਰ ਸਿੰਘ ਦਾ ਪੱਖ ਲੈਣ ਲਈ ਫੋਨ ਕਰਨ ’ਤੇ ਉਨ੍ਹਾਂ ਦੇ ਰੀਡਰ ਅਰਸ਼ਵੀਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲ ਗਈ ਹੈ ਜਿਸ ਦੇ ਆਧਾਰ ’ਤੇ ਫੀਲਡ ਅਫ਼ਸਰ ਤੇ ਪਟਵਾਰੀ ਨੂੰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਰਿਪੋਰਟ ਮਿਲਣ ’ਤੇ ਸੋਮਵਾਰ ਨੂੰ ਦਫ਼ਤਰ ਖੁੱਲ੍ਹਦਿਆਂ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।