ਦੋਰਾਹਾ ਦੇ ਸਾਬਕਾ ਕੌਂਸਲ ਪ੍ਰਧਾਨ ’ਤੇ ਕਾਰਜਸਾਧਕ ਅਫ਼ਸਰ ਖ਼ਿਲਾਫ਼ ਕੇਸ
ਠੇਕੇਦਾਰ ਨਾਲ ਮਿਲੀਭੁਗਤ ਕਰਕੇ ਕੌਂਸਲ ਦਾ 58 ਲੱਖ 85 ਹਜ਼ਾਰ ਦਾ ਨੁਕਸਾਨ ਕਰਾਉਣ ਦਾ ਦੋਸ਼
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 13 ਜੂਨ
ਇਥੋਂ ਦੇ ਬਹੁ ਚਰਚਿਤ ਕਮਿਊਨਿਟੀ ਸੈਂਟਰ ਦੇ ਘਪਲੇ ਸਬੰਧੀ ਅੱਜ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਸੂਦ ਖਿਲਾਫ਼ ਧਾਰਾ 409/420 ਅਤੇ 120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਹਲਕਾ ਵਿਧਾਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਸਾਬਕਾ ਪ੍ਰਧਾਨ ਦੋਬੁਰਜੀ ਨੇ ਹਾਈਕੋਰਟ ਤੋਂ 7 ਦਿਨਾਂ ਲਈ ਜ਼ਮਾਨਤ ਵੀ ਮਨਜ਼ੂਰ ਕਰਵਾ ਲਈ ਹੈ। ਮੌਜੂਦਾ ਪ੍ਰਧਾਨ ਸੁਦਰਸ਼ਨ ਪੱਪੂ ਨੇ ਦੱਸਿਆ ਕਿ ਹੁਣ ਕਮਿਊਨਿਟੀ ਸੈਂਟਰ ਦੇ ਨਵ-ਨਿਰਮਾਣ ਲਈ ਕੰਮ ਆਰੰਭਿਆ ਜਾ ਰਿਹਾ ਹੈ। ਇਸ ਮੌਕੇ ਕੌਂਸਲਰ ਕੁਲਵੰਤ ਸਿੰਘ, ਰਣਜੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਉਪਰੋਕਤ ਕਮਿਊਨਿਟੀ ਸੈਂਟਰ ਜੋ ਕਿ ਨਗਰ ਕੌਂਸਲ ਵੱਲੋਂ ਬਹੁਤ ਹੀ ਆਧੁਨਿਕ ਢੰਗ ਨਾਲ ਤਿਆਰ ਕੀਤਾ ਗਿਆ ਸੀ ਨੂੰ ਤਿੰਨ ਸਾਲ ਲਈ ਠੇਕੇ ’ਤੇ ਦੇਣ ਲਈ 31 ਮਈ 2017 ਨੂੰ ਨਗਰ ਕੌਂਸਲ ਦਫ਼ਤਰ ਦੋਰਾਹਾ ਵਿੱਚ ਖੁੱਲ੍ਹੀ ਬੋਲੀ ਕਰਵਾਈ ਗਈ ਸੀ ਤੇ ਠੇਕੇਦਾਰ ਅਮਰਜੀਤ ਸਿੰਘ ਪਟਿਆਲਾ ਨੇ ਪ੍ਰਤੀ ਸਾਲ 8.22 ਲੱਖ ਰੁਪਏ ਦੀ ਸਭ ਤੋਂ ਵੱਡੀ ਬੋਲੀ ਦੇ ਕੇ ਠੇਕਾ ਲਿਆ ਸੀ। ਇਸ ਪਿੱਛੋਂ ਠੇਕੇਦਾਰ ਅਮਰਜੀਤ ਸਿੰਘ ਨੇ ਨਗਰ ਕੌਂਸਲ ਦੀਆਂ ਨਿਰਧਾਰਤ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਤੇ ਲਗਾਤਾਰ ਤਿੰਨ ਸਾਲ ਕਮਿਊਨਿਟੀ ਸੈਂਟਰ ਚਲਾਇਆ। ਇਸ ਦੌਰਾਨ ਸੈਂਟਰ ਦਾ ਸਾਰਾ ਕੀਮਤੀ ਸਾਮਾਨ ਵੀ ਖੁਰਦ-ਬੁਰਦ ਹੋ ਗਿਆ। ਠੇਕੇਦਾਰ ਨੇ ਕੋਈ ਬਿਜਲੀ ਦਾ ਬਿੱਲ ਨਹੀਂ ਭਰਿਆ ਪਰ ਇਸ ਖ਼ਿਲਾਫ਼ ਕਾਰਜ ਸਾਧਕ ਅਫ਼ਸਰ ਤੇ ਪ੍ਰਧਾਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਕੌਂਸਲ ਦਾ 58.85.742 ਰੁਪਏ ਦਾ ਨੁਕਸਾਨ ਹੋਇਆ। ਮਾਮਲੇ ਸਾਹਮਣੇ ਆਉਣ ਮਗਰੋਂ ਵਿਧਾਇਕ ਗਿਆਸਪੁਰਾ ਤੇ ਮੌਜੂਦਾ ਕੌਂਸਲ ਪ੍ਰਧਾਨ ਸੁਦਰਸ਼ਨ ਪੱਪੂ ਨੇ 7 ਨਵੰਬਰ 2022 ਨੂੰ ਐੱਸਐੱਸਪੀ ਖੰਨਾ ਕੋਲ ਕਾਰਵਾਈ ਦੀ ਅਪੀਲ ਕੀਤੀ। ਮਾਮਲਾ ਹਾਈਕੋਰਟ ਵੀ ਪੁੱਜਿਆ ਜਿਥੇ 19 ਮਾਰਚ 2024 ਨੂੰ ਹੁਕਮ ਜਾਰੀ ਹੋਇਆ ਕਿ 58.85.742 ਰੁਪਏ ਦੋਸ਼ੀਆਂ ਤੋਂ ਵਸੂਲੇ ਜਾਣ।