ਸ਼ਾਮਲਾਤ ਜ਼ਮੀਨ ਵੇਚਣ ਦੇ ਦੋਸ਼ ਹੇਠ ਪ੍ਰਾਪਰਟੀ ਡੀਲਰ ਸਣੇ ਚਾਰ ਖ਼ਿਲਾਫ਼ ਕੇਸ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 28 ਅਪਰੈਲ
ਸਥਾਨਕ ਪੁਲੀਸ ਵਲੋਂ ਜਸਵੀਰ ਸਿੰਘ ਵਾਸੀ ਪਿੰਡ ਮਾਂਗਟ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਉਧੋਵਾਲ ਖੁਰਦ ਦੀ ਸ਼ਾਮਲਾਤ ਦੇਹ ਜ਼ਮੀਨ ਮਾਲਕੀ ਦੱਸ ਕੇ ਵੇਚਣ ਦੇ ਕਥਿਤ ਦੋਸ਼ ਹੇਠ ਪ੍ਰਾਪਰਟੀ ਡੀਲਰ ਸਮੇਤ ਚਾਰ ’ਤੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਜਗਵਿੰਦਰ ਸਿੰਘ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਵਾਸੀਆਨ ਲਾਡਪੁਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਵਾਸੀ ਉਧੋਵਾਲ ਖੁਰਦ ਵਜੋਂ ਹੋਈ ਹੈ। ਜਸਵੀਰ ਸਿੰਘ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਜਮੀਨ ਖਰੀਦਣ ਦਾ ਇਛੁਕ ਸੀ ਅਤੇ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਨੇ ਉਸ ਨੂੰ ਉਧੋਵਾਲ ਖੁਰਦ ਵਿਖੇ 59 ਕਨਾਲ 9 ਮਰਲੇ ਜ਼ਮੀਨ ਦਿਖਾਈ। ਇਸ ਜਮੀਨ ਦਾ ਸੌਦਾ 33 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹੋਇਆ ਅਤੇ ਉਸਨੇ ਜ਼ਮੀਨ ਮਾਲਕਾਂ ਨੂੰ 40 ਲੱਖ ਰੁਪਏ ਬਿਆਨੇ ਵਜੋਂ ਦੇ ਦਿੱਤੇ। ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਸ ਜ਼ਮੀਨ ’ਚੋਂ ਕਾਫ਼ੀ ਭਾਗ ਸ਼ਾਮਲਾਤ ਜ਼ਮੀਨ ਹੈ ਤੇ ਉਨ੍ਹਾਂ ਨੇ ਮਿਲੀਭੁਗਤ ਕਰਕੇ 40 ਲੱਖ ਰੁਪਏ ਦਾ ਬਿਆਨਾ ਲੈ ਕੇ ਠੱਗੀ ਮਾਰੀ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਵਲੋਂ ਵੀ ਜਦੋਂ ਮਾਲ ਵਿਭਾਗ ਤੋਂ ਜਮੀਨ ਸਬੰਧੀ ਰਿਕਾਰਡ ਮੰਗਾਇਆ ਗਿਆ ਤਾਂ ਉਸ ’ਚੋਂ ਵੀ ਜੋ 59 ਕਨਾਲ 9 ਮਰਲੇ ਵੇਚੇ ਗਏ ਹਨ ਉਸ ’ਚੋਂ 6 ਕਨਾਲ 13 ਮਰਲੇ ਦੀ ਮਾਲਕੀ ਸਹੀ ਜਦਕਿ ਉਹ ਬਾਕੀ ਜ਼ਮੀਨ ਦੇ ਮਾਲਕ ਨਹੀਂ ਹਨ। ਉੱਚ ਅਧਿਕਾਰੀ ਦੀ ਰਿਪੋਰਟ ਦੇ ਅਧਾਰ ’ਤੇ ਪੁਲੀਸ ਨੇ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।