ਸ਼ਹਿਰ ਦੇ ਹੈਬੋਵਾਲ ਇਲਾਕੇ ’ਚ ਸੰਗਮ ਚੌਕ ਨੇੜੇ ਬੁੱਧਵਾਰ ਦੁਪਹਿਰ ਵੇਲੇ ਇੱਕ ਕਾਰ ’ਚ ਸਵਾਰ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਲੋਕਾ ਦਾ ਕਹਿਣਾ ਹੈ ਕਿ ਦੋਵੇਂ ਪਾਸੇ ਤੋਂ ਗੋਲੀਆਂ ਚੱਲੀਆਂ ਹਨ ਜਿਨ੍ਹਾਂ ਦਾ ਆਵਾਜ਼ ਸੁਣ ਕੇ ਮੌਕੇ ’ਤੇ ਮੌਜੂਦ ਲੋਕ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਜਦੋਂ ਤੱਕ ਕਿਸੇ ਨੇ ਪੁਲੀਸ ਨੂੰ ਸੂਚਿਤ ਕੀਤਾ, ਉਦੋਂ ਤੱਕ ਗੋਲੀਆਂ ਚਲਾਉਣ ਵਾਲੇ ਭੱਜ ਚੁੱਕੇ ਸਨ। ਸੂਚਨਾ ਮਿਲਣ ਤੋਂ ਬਾਅਦ ਹੈਬੋਵਾਲ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਨੂੰ ਹੈਬੋਵਾਲ ਸੰਗਮ ਚੌਕ ਨੇੜੇ ਦਿਪਾਂਸ਼ੂ ਤੇ ਰਿਪਾਂਸ਼ੂ ਦੋ ਨੌਜਵਾਨਾਂ ਦੇ ਗੁਟਾਂ ਵਿੱਚ ਲੜਾਈ ਹੋ ਗਈ। ਦੋਵਾਂਂ ਵਿੱਚ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਹੈ। ਪੁਲੀਸ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦਿਪਾਂਸ਼ੂ ਤੇ ਰਿਪਾਂਸ਼ੂ ਨੇ ਅੱਜ ਸਮਝੌਤੇ ਲਈ ਮਿਲਣ ਦਾ ਸਮਾਂ ਤੈਅ ਕੀਤਾ ਸੀ, ਜਿਥੇ ਦਿਪਾਂਸ਼ੂ ਨੇ ਰਿਪਾਂਸ਼ੂ ’ਤੇ ਵਾਰ ਕਰ ਦਿੱਤਾ। ਰਿਪਾਂਸ਼ੂ ਨੇ ਸਿਵਲ ਹਸਪਤਾਲ ਜਾ ਕੇ ਇਲਾਜ ਕਰਵਾਇਆ। ਮਗਰੋਂ ਜਦੋਂ ਉਹ ਸੰਗਮ ਚੌਕ ਨੇੜੇ ਪਹੁੰਚਿਆ ਤਾਂ ਦੂਜੇ ਗੁਟ ਨੇ ਮੁੜ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਵੇਂ ਹੀ ਮੁਲਜ਼ਮਾਂ ਖਿਲਾਫ਼ ਐਫਆਈਆਰ ਦਰਜ ਕੀਤਾ ਜਾ ਰਹੀ ਹੈ।
ਜਾਂਚ ਪੂਰੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ: ਏਡੀਸੀਪੀ
ਏਡੀਸੀਪੀ 3 ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਦੋ ਧਿਰਾਂ ਵਿਚਕਾਰ ਲੜਾਈ ਦਾ ਹੈ। ਇੱਕ ਧਿਰ ਸ਼ਿਕਾਇਤ ਦੇ ਕੇ ਆ ਰਹੀ ਸੀ ਤੇ ਵਾਪਸ ਆਉਂਦੇ ਸਮੇਂ ਦੂਜੀ ਧਿਰ ਨਾਲ ਲੜਾਈ ਹੋ ਗਈ। ਦੋਵਾਂ ਦੇ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਦੋਵਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

