ਕਾਰ ਸਵਾਰਾਂ ਨੇ ਲਾਡੋਵਾਲ ਟੌਲ ਪਲਾਜ਼ਾ ’ਤੇ ਗੋਲੀਆਂ ਚਲਾਈਆਂ
ਬਿਨਾਂ ਟੌਲ ਟੈਕਸ ਦਿੱਤੇ ਵੀ ਆਈ ਪੀ ਲਾਈਨ ਵਿੱਚੋਂ ਲੰਘਣਾ ਚਾਹੁੰਦੇ ਸਨ ਨੌਜਵਾਨ
ਲੁਧਿਆਣਾ-ਜਲੰਧਰ ਸੜਕ ’ਤੇ ਸਥਿਤ ਲਾਡੋਵਾਲ ਟੌਲ ਪਲਾਜ਼ਾ ’ਤੇ ਬੀਤੀ ਰਾਤ ਵੀ ਆਈ ਪੀ ਲਾਈਨ ਵਿੱਚੋਂ ਬਿਨਾਂ ਟੌਲ ਪਰਚੀ ਕਟਾਏ ਲੰਘਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਨੇ ਟੌਲ ਮੁਲਾਜ਼ਮਾਂ ਨਾਲ ਧੱਕਾ ਮੁੱਕੀ ਕਰਕੇ ਗੋਲੀ ਚਲਾ ਦਿੱਤੀ, ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਇਸ ਤਰ੍ਹਾਂ ਦੱਸੀ ਜਾਂਦੀ ਹੈ ਕਿ ਰਾਤ 10-30 ਵਜੇ ਦੇ ਕਰੀਬ ਲੁਧਿਆਣਾ ਤੋਂ ਫਿਲੌਰ ਜਾ ਰਹੀ ਐੱਸ ਸੂ ਯੂ ਵੀ ਗੱਡੀ ਦੇ ਚਾਲਕ ਨੇ ਵੀ ਆਈ ਪੀ ਲਾਈਨ ਵਿੱਚੋਂ ਬਿਨਾਂ ਟੌਲ ਦਿੱਤੇ ਗੱਡੀ ਲੰਘਾਉਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਟੌਲ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਬਹਿਸਬਾਜ਼ੀ ਹੈ ਗਈ ਅਤੇ ਲੜਾਈ ਝਗੜੇ ਦੌਰਾਨ ਕਾਰ ਸਵਾਰਾਂ ਵਿੱਚੋਂ ਇੱਕ ਨੌਜਵਾਨ ਨੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਟੌਲ ਪਲਾਜ਼ਾ ’ਤੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਅਤੇ ਟੌਲ ਪਲਾਜ਼ਾ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਟੌਲ ਪਲਾਜ਼ਾ ਮੁਲਾਜ਼ਮ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਗੱਡੀ ਭਜਾ ਕੇ ਲੈ ਗਏ। ਗੋਲੀ ਚੱਲਣ ਦੀ ਸਾਰੀ ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਨੂੰ ਪ੍ਰਾਪਤ ਕਰਕੇ ਪੁਲੀਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਐੱਸ ਯੂ ਵੀ ਗੱਡੀ ਵਿੱਚ ਸੱਤ ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਚਾਲਕ ਨੇ ਖੁਦ ਨੂੰ ਕਿਸੇ ਬੋਰਡ ਦਾ ਚੇਅਰਮੈਨ ਦੱਸ ਕੇ ਵੀ ਆਈ ਪੀ ਲਾਈਨ ਵਿੱਚੋਂ ਲੰਘਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੂੰ ਸ਼ਨਾਖਤੀ ਕਾਰਡ ਦਿਖਾਉਣ ਲਈ ਕਿਹਾ ਗਿਆ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਟੌਲ ਮੁਲਾਜ਼ਮ ਵੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਗੋਲੀਆਂ ਚੱਲਣ ਦੀ ਘਟਨਾ ਨਾਲ ਹਫੜਾ ਦਫੜੀ ਮੱਚ ਗਈ ਅਤੇ ਟੋਲ ਬੂਥਾਂ ਵਿੱਚ ਬੈਠੇ ਮੁਲਾਜ਼ਮ ਵੀ ਬਚਾਅ ਲਈ ਬਾਹਰ ਨਿਕਲ ਆਏ।
ਟੌਲ ਪਲਾਜ਼ਾ ਦੇ ਮੁਲਾਜ਼ਮ ਕੁਲਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਰਾਤ ਨੂੰ ਸਾਥੀ ਮੁਲਾਜ਼ਮ ਨਾਲ ਵੀ ਆਈ ਪੀ ਲਾਈਨ ’ਤੇ ਡਿਊਟੀ ਦੇ ਰਿਹਾ ਸੀ ਤਾਂ ਇੱਕ ਗੱਡੀ ਲੁਧਿਆਣਾ ਵੱਲੋਂ ਆਈ ਜਿਸ ਵਿੱੱਚ ਸੱਤ ਦੇ ਕਰੀਬ ਨੌਜਵਾਨ ਬੈਠੇ ਹੋਏ ਸਨ, ਜਿਨ੍ਹਾਂ ਨੂੰ ਵੀ ਆਈ ਪੀ ਕਾਰਡ ਦਿਖਾਉਣ ਲਈ ਕਿਹਾ ਗਿਆ ਪਰ ਉਹ ਕਾਰਡ ਨਹੀਂ ਵਿਖਾ ਸਕੇ। ਇਸ ਦੌਰਾਨ ਗੱਡੀ ਵਿੱਚੋਂ ਕੁੱਝ ਲੋਕ ਬਾਹਰ ਆਏ ਤੇ ਉਨ੍ਹਾਂ ਨੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਨੌਜਵਾਨ ਨੇ ਉਨਾਂ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੱਸਿਆ ਕਿ ਉਨ੍ਹਾਂ 4-5 ਫਾਇਰ ਕੀਤੇ ਪਰ ਉਨ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਟੌਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਲਾਡੋਵਾਲ ਥਾਣੇ ਦੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਇੰਸਪੈਕਟਰ ਗੁਰਸਿੰਦਰ ਕੌਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਪ੍ਰਾਪਤ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

