ਵਿਆਹ ਕਰਵਾਉਣ ਆਏ ਕੈਨੇਡੀਅਨ ਪੰਜਾਬੀ ਨਾਲ 6 ਕਰੋੜ ਦੀ ਠੱਗੀ
ਪੁਲੀਸ ਵੱਲੋਂ 9 ਜਣੇ ਗ੍ਰਿਫ਼ਤਾਰ; ਤਿੰਨ ਦਿਨਾਂ ਦਾ ਰਿਮਾਂਡ ਲਿਆ; ਮੁਲਜ਼ਮਾਂ ਵਿੱਚ ਭਾਜਪਾ ਆਗੂ ਵੀ ਸ਼ਾਮਲ
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਪੁਲੀਸ ਨੇ ਪਿੰਡ ਗੋਂਦਵਾਲ ਦੇ ਬਲੌਰ ਸਿੰਘ (68) ਹਾਲ ਵਾਸੀ ਕੈਨੇਡਾ ਦੀ ਸ਼ਿਕਾਇਤ ’ਤੇ 7 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਠੱਗੀ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਭਾਜਪਾ ਆਗੂ ਸਮੇਤ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਨਾਮਜ਼ਦ ਵੀ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲੌਰ ਸਿੰਘ ਕੈਨੇਡਾ ਵਿੱਚ ਤਲਾਕ ਹੋਣ ਮਗਰੋਂ ਕੁੱਝ ਕੁ ਮਹੀਨੇ ਪਹਿਲਾਂ ਪੰਜਾਬ ਆਇਆ ਸੀ ਤੇ ਆਪਣੇ ਰਿਸ਼ਤੇਦਾਰ ਕੋਲ ਵਿਆਹ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ ਸੀ। ਉਕਤ ਰਿਸ਼ਤੇਦਾਰ ਨੇ ਕੱਚਾ ਮਲਕ ਰੋਡ ’ਤੇ ਰਹਿਣ ਵਾਲੇ ਸਰਬਾ ਨਾਂ ਦੇ ਵਿਅਕਤੀ ਨਾਲ ਇਹ ਕਹਿ ਕੇ ਮਿਲਵਾਇਆ ਕਿ ਉਹ ਰਿਸ਼ਤੇ ਕਰਵਾਉਣ ਦਾ ਕੰਮ ਕਰਦਾ ਹੈ। ਸਰਬਾ ਨੇ ਬਲੌਰ ਸਿੰਘ ਨੂੰ ਬੰਟੀ ਨਾਲ ਮਿਲਵਾਇਆ। ਇਸ ਮਗਰੋਂ ਉਸ ਨੂੰ ਰਣਜੀਤ ਸਿੰਘ ਉਰਫ ਰਾਣਾ ਵਾਸੀ ਪਿੰਡ ਸ਼ੇਖਦੌਲਤ, ਜੋ ਪੇਸ਼ੇ ਵੱਜੋਂ ਪੱਤਰਕਾਰ ਹੈ ਵਕੀਲ ਐੱਚਐੱਸ ਬਰਾੜ ਬਣ ਕੇ ਮਿਲਿਆ ਤੇ ਬਲੌਰ ਸਿੰਘ ਨਾਲ ਆਪਣੀ ਭੈਣ ਦਾ ਰਿਸ਼ਤਾ ਕਰਵਾਉਣ ਦੀ ਗੱਲ ਆਖੀ। ਉਨ੍ਹਾਂ ਜ਼ੋਰ ਪਾ ਕੇ ਅੰਮ੍ਰਿਤਧਾਰੀ ਬਲੌਰ ਸਿੰਘ ਦੇ ਕੇਸ ਕਟਵਾ ਦਿੱਤੇ ਤੇ ਦਾਹੜੀ ਵੀ ਰੰਗਵਾ ਦਿੱਤੀ। ਇਸ ਮਗਰੋਂ ਬਲੌਰ ਸਿੰਘ ਦੀ ਮੁਲਾਕਾਤ ਜਾਅਲੀ ਵਕੀਲ ਦੀ ਭੈਣ ਇੰਦਰਜੀਤ ਕੌਰ ਉਰਫ ਇੰਦਰੀ ਨਾਲ ਕਰਵਾਈ, ਜਿਸ ਮਗਰੋਂ ਦੋਵਾਂ ਨੇ ਵਿਆਹ ਲਈ ਸਹਿਮਤੀ ਪ੍ਰਗਟਾਈ।
ਇਸ ਮਗਰੋਂ ਵਕੀਲ ਦੇ ਕਹਿਣ ’ਤੇ ਬਲੌਰ ਸਿੰਘ ਨੇ ਹੀਰਾ ਬਾਗ ਜਗਰਾਉਂ ’ਚ ਇੱਕ ਮਕਾਨ ਕਿਰਾਏ ’ਤੇ ਲੈ ਲਿਆ। ਫਿਰ ਵਕੀਲ ਨੇ ਬਲੌਰ ਸਿੰਘ ਤੋਂ ਸਿੱਧਵਾਂ ਬੇਟ ਰੋਡ ’ਤੇ ਇੱਕ ਮਕਾਨ ਅਤੇ ਫਰਨੀਚਰ ਆਦਿ ਖਰੀਦਣ ਲਈ 10 ਲੱਖ ਰੁਪਏ ਮੰਗੇ। ਇਸ ਮਗਰੋਂ ਬਲੌਰ ਸਿੰਘ ਤੇ ਇੰਦਰਜੀਤ ਕੌਰ ਦੀ ਮੰਗਣੀ ਕਰਵਾ ਦਿੱਤੀ ਗਈ। ਇਸ ਦੌਰਾਨ ਠੱਗਾਂ ਨੇ ਬਲੌਰ ਸਿੰਘ ਦੀ ਪਿੰਡ ਵਾਲੀ ਜ਼ਮੀਨ ਦਾ ਵੀ ਸੌਦਾ ਕਰ ਦਿੱਤਾ ਤੇ ਪੈਸੇ ਖ਼ੁਦ ਰੱਖ ਲਏ ਤੇ ਬਲੌਰ ਸਿੰਘ ਨੂੰ ਮਾਨਸਿਕ ਪ੍ਰੇਸ਼ਾਨੀ ਵਾਲੀਆਂ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਵਕੀਲ ਨੇ ਬਲੌਰ ਸਿੰਘ ਤੋਂ 15 ਹਜ਼ਾਰ ਅਮਰੀਕਨ ਡਾਲਰ ਹੋਰ ਲੈ ਲਏ ਤੇ ਵੇਚੀ ਜ਼ਮੀਨ ਬਦਲੇ ਉਸ ਨੂੰ ਅਜੀਤਵਾਲ (ਮੋਗਾ) ਨੇੜੇ 12 ਕਿੱਲੇ ਜ਼ਮੀਨ ਦਿਵਾਉਣ ਦੀ ਗੱਲ ਕਹਿ ਕੇ 5.70 ਲੱਖ ਰੁਪਏ ਹੋਰ ਠੱਗ ਲਏ। ਜਦੋਂ ਬਲੌਰ ਸਿੰਘ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਰਣਜੀਤ ਸਿੰਘ ਰਾਣਾ, ਸਰਬਾ ਮਿਸਤਰੀ, ਬੰਟੀ, ਮਲਕੀਤ ਸਿੰਘ ਵਾਸੀ ਮਾਜਰੀ, ਇੰਦਰਜੀਤ ਕੌਰ ਇੰਦਰੀ, ਕਰਨੈਲ ਸਿੰਘ ਤੇ ਤੇਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਲਿਆ ਹੈ। ਇਸ ਮਗਰੋਂ ਭਾਜਪਾ ਆਗੂ ਸਣੇ ਦੋ ਹੋਰ ਕਾਬੂ ਕੀਤੇ ਗਏ ਜਿਨ੍ਹਾਂ ਦਾ ਦੋ ਦਿਨਾਂ ਦਾ ਰਿਮਾਂਡ ਲਿਆ ਗਿਆ ਹੈ।

