ਨਗਰ ਨਿਗਮ ਲੁਧਿਆਣਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਬੁੱਢੇ ਦਰਿਆ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵਸਨੀਕਾਂ ਨੂੰ ਪਾਣੀ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਸ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ, ਜੋ ਕਿ ਡੀ.ਐਮ.ਸੀ ਹਸਪਤਾਲ, ਐਨ.ਜੀ.ਓ-ਦਸਵੰਧ ਅਤੇ ਹੋਰ ਸਥਾਨਕ ਐਨ.ਜੀ.ਓ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ। ਕੈਬਨਿਟ ਮੰਤਰੀ ਅਰੋੜਾ ਨੇ 100 ਲਿਟਰ ਦਵਾਈ (ਬੀ.ਟੀ.ਆਈ) ਅਤੇ ਸਪਰੇਅ ਪੰਪ ਦਿੱਤੇ ਹਨ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਕੰਮ ਕਰਦੇ ਹੋਏ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਪ੍ਰਗਤੀ ਰਾਣੀ, ਨਗਰ ਨਿਗਮ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਪ੍ਰਤੀਨਿਧੀ ਸਾਕਸ਼ੀ ਅਰੋੜਾ, ਡੀ.ਐਮ.ਸੀ ਹਸਪਤਾਲ ਦੇ ਸੀਨੀਅਰ ਕਾਰਡੀਓਲੋਜਿਸਟ ਡਾ. ਬਿਸ਼ਵ ਮੋਹਨ, ਕੌਂਸਲਰ ਇੰਦੂ ਮੁਨੀਸ਼ ਸ਼ਾਹ, ਕੌਂਸਲਰ ਮਨਿੰਦਰ ਘੁੰਮਣ ਸਮੇਤ ਹੋਰ ਅਧਿਕਾਰੀ ਬੁੱਧਵਾਰ ਨੂੰ ਬੁੱਢੇ ਦਰਿਆ ’ਤੇ ਪਵਿੱਤਰ ਨਗਰ ਪੁਲੀ ਤੋਂ ਮੁਹਿੰਮ ਸ਼ੁਰੂ ਕਰਨ ਸਮੇਂ ਮੌਜੂਦ ਸਨ।
ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਪ੍ਰਗਤੀ ਰਾਣੀ, ਸਹਾਇਕ ਕਮਿਸ਼ਨਰ ਜਸਦੇਵ ਸੇਖੋਂ ਅਤੇ ਸੀਨੀਅਰ ਕਾਰਡੀਓਲੋਜਿਸਟ ਡਾ. ਬਿਸ਼ਨ ਮੋਹਨ ਨੇ ਕਿਹਾ ਕਿ ਇਸ ਸਾਲ ਸ਼ਹਿਰ ਵਿੱਚ ਭਾਰੀ ਬਾਰਿਸ਼ ਹੋਈ ਹੈ ਅਤੇ ਵਸਨੀਕਾਂ ਨੂੰ ਪਾਣੀ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਢੁਕਵੇਂ ਕਦਮ ਚੁੱਕਣੇ ਜ਼ਰੂਰੀ ਹੋ ਗਏ ਹਨ। ਇਹ ਮੁਹਿੰਮ ਪਵਿੱਤਰ ਨਗਰ ਪੁਲੀ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਇਹ ਬਾਅਦ ਵਿੱਚ ਬੁੱਢੇ ਦਰਿਆ ਦੇ ਨਾਲ ਸਥਿਤ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਚਲਾਈ ਜਾਵੇਗੀ। ਦੋ ਦਰਜਨ ਤੋਂ ਵੱਧ ਟੀਮਾਂ ਮੁਹਿੰਮ ਅਧੀਨ ਕੰਮ ਕਰ ਰਹੀਆਂ ਹਨ ਅਤੇ ਦਰਿਆ ਦੇ ਆਲੇ ਦੁਆਲੇ ਦੇ ਘੱਟੋ-ਘੱਟ 100 ਮੀਟਰ ਦੇ ਇਲਾਕੇ ਵਿੱਚ ਸਪਰੇਅ ਕੀਤੀ ਜਾ ਰਹੀ ਹੈ।