ਉਸਾਰੀ ਕਾਮਿਆਂ ਦੀ ਭਲਾਈ ਲਈ ਸੰਘਰਸ਼ ਵਿੱਢਣ ਦਾ ਹੋਕਾ
ਦਲਜੀਤ ਕੁਮਾਰ ਗੋਰਾ ਸੂਬਾਈ ਪ੍ਰਧਾਨ ਅਤੇ ਨਾਇਬ ਸਿੰਘ ਲੋਚਮਾ ਸਕੱਤਰ ਚੁਣੇ ਗਏ
ਇਥੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਨਾਲ ਸਬੰਧਿਤ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੀ ਸੂਬਾਈ ਕਾਨਫ਼ਰੰਸ ਮੌਕੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਉਸਾਰੀ ਕਾਮਿਆਂ ਦੀ ਭਲਾਈ ਲਈ ਬਣੇ ਕਾਨੂੰਨ ਨੂੰ ਖੋਰਾ ਲਾਉਣ ਵਿਰੁੱਧ ਰਾਜ ਪੱਧਰੀ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ। ਪ੍ਰਧਾਨ ਸਾਥੀ ਦਲਜੀਤ ਕੁਮਾਰ ਗੋਰਾ, ਨਛੱਤਰ ਸਿੰਘ ਗੁਰਦਿੱਤਪੁਰਾ, ਗੁਰਨਾਮ ਸਿੰਘ ਘਨੌਰ ਅਤੇ ਹਨੂਮਾਨ ਪ੍ਰਸਾਦਿ ਦੂਬੇ ਦੀ ਪ੍ਰਧਾਨਗੀ ਹੇਠ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੀਟੂ ਦੀ ਕੌਮੀ ਸਕੱਤਰ ਊਸ਼ਾ ਰਾਣੀ ਅਤੇ ਸੂਬਾਈ ਜਨਰਲ ਸਕੱਤਰ ਚੰਦਰ ਸ਼ੇਖਰ ਨੇ ਕਿਹਾ ਕਿ ਸਮੁੱਚੇ ਦੇਸ਼ ਵਿੱਚ ਵੱਡੇ ਡੈਮ, ਪੰਜ ਤਾਰਾ ਹੋਟਲ ਅਤੇ ਹੋਰ ਵੱਡੀਆਂ ਇਮਾਰਤਾਂ ਉਸਾਰਨ ਵਾਲੇ ਕਾਮਿਆਂ ਨੂੰ ਆਪਣੇ ਸਿਰ ਉਪਰ ਛੱਤ ਨਸੀਬ ਨਹੀਂ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਸਮੇਤ ਹੋਰ ਸਰਮਾਏਦਾਰਾਂ ਦੇ ਘਰ ਭਰਨ ਵਾਲੀਆਂ ਨੀਤੀਆਂ ਕਾਰਨ ਗ਼ਰੀਬਾਂ ਦਾ ਗਲ਼ ਘੁੱਟਿਆ ਜਾ ਰਿਹਾ ਹੈ।
ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ, ਸੂਬਾ ਸਕੱਤਰ ਅਮਰਨਾਥ ਕੂੰਮਕਲਾਂ, ਸੁਭਾਸ਼ ਰਾਣੀ ਅਤੇ ਸ਼ੇਰ ਸਿੰਘ ਫਰਵਾਹੀ ਨੇ ਉਸਾਰੀ ਕਾਮਿਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਖੱਬੇ-ਪੱਖੀ ਆਗੂ ਸੀਤਾ ਰਾਮ ਯੇਚੁਰੀ, ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ, ਸਾਬਕਾ ਮੁੱਖ ਮੰਤਰੀ ਅਛੂਤਾ ਨੰਦਨ ਸਮੇਤ ਵਿੱਛੜ ਚੁੱਕੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਸਾਰੀ ਮਜ਼ਦੂਰਾਂ ਦੇ ਬੱਚਿਆਂ ਲਈ ਵਜ਼ੀਫ਼ਾ, ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ, ਜਣੇਪਾ ਲਾਭ, ਕੁਦਰਤੀ ਮੌਤ ਅਤੇ ਹਾਦਸੇ ਵਿੱਚ ਮੌਤਾਂ ਲਈ ਸਹਾਇਤਾ ਰਾਸ਼ੀ ਜਾਰੀ ਕਰਨ ਤੋਂ ਇਲਾਵਾ ਕਈ ਸਕੀਮਾਂ ਵਿੱਚ ਰਾਸ਼ੀ ਘਟਾਉਣ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਸਾਥੀ ਨੈਬ ਸਿੰਘ ਲੋਚਮਾ ਵੱਲੋਂ ਪੇਸ਼ ਕੀਤੀ ਰਿਪੋਰਟ ਉਪਰ ਬਹਿਸ ਬਾਅਦ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ। ਸਰਬਸੰਮਤੀ ਨਾਲ 35 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਦਲਜੀਤ ਕੁਮਾਰ ਗੋਰਾ ਨੂੰ ਸੂਬਾਈ ਪ੍ਰਧਾਨ, ਨੈਬ ਸਿੰਘ ਲੋਚਮਾ ਨੂੰ ਜਨਰਲ ਸਕੱਤਰ ਅਤੇ ਗੁਰਦਰਸ਼ਨ ਸਿੰਘ ਨੂੰ ਖ਼ਜ਼ਾਨਚੀ ਚੁਣ ਲਿਆ ਗਿਆ।
ਕਾਨਫਰੰਸ ਦੇ ਉਦਘਾਟਨ ਸਮੇਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਪ੍ਰਧਾਨ ਦਲਜੀਤ ਕੁਮਾਰ ਗੋਰਾ।

