ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ
ਆਮ ਆਦਮੀ ਪਾਰਟੀ ਹਲਕਾ ਜਗਰਾਉਂ ਨੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਇਕ ਯੂਥ ਮਿਲਣੀ ਪ੍ਰੋਗਰਾਮ ਕਰਵਾਇਆ। ਇਸ ਵਿੱਚ ਮਾਲਵਾ ਜ਼ੋਨ ਦੇ ਨਵ-ਨਿਯੁਕਤ ਯੂਥ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਅਤੇ ਜ਼ਿਲ੍ਹਾ ਲੁਧਿਆਣਾ ਦੇ ਯੂਥ ਪ੍ਰਧਾਨ ਸੁਖਮਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਮੀਟਿੰਗ ਵਿੱਚ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਪਣੇ ਪਤੀ ਤੇ ਪਾਰਟੀ ਦੇ ਆਗੂ ਪ੍ਰੋ. ਸੁਖਵਿੰਦਰ ਸਿੰਘ ਨਾਲ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ-ਪੱਖੀ ਫ਼ੈਸਲੇ ਲੈ ਰਹੀ ਹੈ ਅਤੇ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਚੱਲ ਰਹੇ ਹਨ। ਇਨ੍ਹਾਂ ਕਾਰਜਾਂ ਅਤੇ ਸਰਕਾਰ ਦੀਆਂ ਨੀਤੀਆਂ ਸਬੰਧੀ ਪਿੰਡ-ਪਿੰਡ ਜਾ ਲੋਕਾਂ ਨੂੰ ਜਾਗਰੂਕ ਕਰਨ ਦਾ ਜ਼ਿੰਮਾ ਪਾਰਟੀ ਦੇ ਇਨ੍ਹਾਂ ਨੌਜਵਾਨਾਂ ਨੂੰ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਪਿੰਡਾਂ ਤੇ ਸ਼ਹਿਰ ਅੰਦਰ ਸਰਕਾਰ ਦੀਆਂ ਨੀਤੀਆਂ ਪਹੁੰਚਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨਾਂ ਦਾ ਸਨਮਾਨ ਵੀ ਕੀਤਾ ਗਿਆ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਕ ਨਵਾਂ ਅਧਿਆਏ ਸਿਰਜ ਦਿੱਤਾ ਹੈ ਅਤੇ ਹਰ ਵਰਗ ਦੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਪੰਜਾਬ ਸਰਕਾਰ ਨੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤਕ ਸਿਹਤ ਬੀਮਾ ਯੋਜਨਾ ਨਾਲ ਜੋੜਿਆ ਹੈ, ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਪੰਜਾਬ ਭਰ ਦੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਭਰ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਹੈ ਅਤੇ ਮਾਪਿਆਂ ਦੇ ਧੀਆਂ-ਪੁੱਤਾਂ ਨੂੰ ਨਵੀਂ ਜ਼ਿੰਦਗੀ ਦੀ ਉਡਾਨ ਭਰਨ ਦਾ ਮੌਕਾ ਦਿੱਤਾ ਹੈ। ਪਿੰਡਾਂ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਨਵੇਂ ਖੇਡ ਪਾਰਕ ਬਣਾਏ ਜਾ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਸਾਰੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ, ਜਪਿਸ਼ਯੋਤ ਸਿੰਘ, ਕਮਲਜੀਤ ਸਿੰਘ ਕਮਾਲੁਪਰਾ, ਪਰਮਿੰਦਰ ਸਿੰਘ ਗਿੱਦੜਵਿੰਡੀ, ਵਿਕਰਮਜੀਤ ਸਿੰਘ ਥਿੰਦ, ਚੇਅਰਮੈਨ ਕਰਮਜੀਤ ਸਿੰਘ ਡੱਲਾ, ਪ੍ਰਧਾਨ ਦਲਜੀਤ ਸਿੰਘ, ਨਿਰਭੈ ਸਿੰਘ ਕਮਾਲਪੁਰਾ, ਗੁਰਪ੍ਰੀਤ ਸਿੰਘ ਨੋਨੀ, ਜਗਜੀਤ ਸਿੰਘ ਜੱਗੀ, ਸਾਜਨ ਮਲਹੋਤਰਾ, ਛਿੰਦਰਪਾਲ ਸਿੰਘ ਮੀਨੀਆਂ ਤੇ ਹੋਰ ਮੌਜੂਦ ਸਨ।