ਜ਼ਿਮਨੀ ਚੋਣ: ਭਾਜਪਾ ਉਮੀਦਵਾਰ ਦੇ ਐਲਾਨ ਮਗਰੋਂ ਦਿਲਚਸਪ ਹੋਇਆ ਮੁਕਾਬਲਾ
ਗਗਨਦੀਪ ਅਰੋੜਾ
ਲੁਧਿਆਣਾ, 31 ਮਈ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਸਿਆਸੀ ਮਾਹੌਲ ਲਗਾਤਾਰ ਭੱਖਦਾ ਦਾ ਰਿਹਾ ਹੈ। 19 ਜੂਨ ਦੀਆਂ ਵੋਟਾਂ ਲਈ ਭਾਜਪਾ ਨੇ ਅੱਜ ਆਪਣਾ ਉਮੀਦਵਾਰ ਐਲਾਨਿਆ ਹੈ। ਜਿਸ ਤੋਂ ਬਾਅਦ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਮੁਕਾਬਲਾ ਦਿਲਚਸਪ ਹੋ ਗਿਆ ਹੈ। ਇਸ ਹਲਕੇ ਵਿੱਚ ਹੁਣ ਸਿੱਧੇ ਤੌਰ ’ਤੇ ਮੁਕਾਬਲਾ ਚਾਰੋਂ ਵੱਡੀਆਂ ਸਿਆਸੀ ਪਾਰਟੀਆਂ ਵਿੱਚ ਦੇਖਣ ਨੂੰ ਮਿਲੇਗਾ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਚਾਰਾਂ ਨੇ ਆਪਣਾ ਪੂਰਾ ਜ਼ੋਰ ਲਗਾਇਆ ਹੈ।
ਇਸ ਹਲਕੇ ਦੀ ਜ਼ਿਮਨੀ ਚੋਣ ਚਾਰੇ ਹੀ ਪਾਰਟੀਆਂ ਦੇ ਉਮੀਦਵਾਰਾਂ ਲਈ ਮੁੱਛ ਦਾ ਸਵਾਲ ਬਣ ਗਹੀ ਹੈ। ‘ਆਪ’ ਲਈ ਇਹ ਚੋਣ ਜਿੱਤਣਾ ਆਪਣੀ ਇਜ਼ੱਤ ਬਚਾਉਣ ਲਈ ਜ਼ਰੂਰੀ ਹੈ, ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦਾ ਸਿਆਸੀ ਕੈਰੀਅਰ ਦਾਅ ’ਤੇ ਲੱਗਿਆ ਹੋਇਆ ਹੈ ਤੇ ਜੀਵਨ ਗੁਪਤਾ ਪਹਿਲੀ ਵਾਰ ਚੋਣ ਲੜ ਰਹੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਇਸ ਹਲਕੇ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਸਨ, ਇਸ ਕਰਕੇ ਉਨ੍ਹਾਂ ਵੋਟਾਂ ਨੂੰ ਬਰਕਰਾਰ ਰੱਖਣਾ ਜੀਵਨ ਗੁਪਤਾ ਲਈ ਵੱਡਾ ਚੈਲੇਂਜ ਹੋਵੇਗਾ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਈ ਇਹ ਚੋਣ ਖੁੱਦ ਅਤੇ ਪਾਰਟੀ ਦੋਵਾਂ ਲਈ ਜਰੂਰੀ ਹੈ, ਪਰਉਪਕਾਰ ਸਿੰਘ ਘੁੰਮਣ ਵੀ ਪਹਿਲੀ ਵਾਰ ਚੋਣ ਲੜ ਰਹੇ ਹਨ, ਦੂਜਾ ਪਾਰਟੀ ਲਈ ਵੀ ਦੁਬਾਰਾ ਆਪਣਾ ਸਿਆਸੀ ਜ਼ਮੀਨ ਤਿਆਰ ਕਰਨ ਲਈ ਇਨ੍ਹਾਂ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚੈਲੇਂਜ ਹੋਵੇਗਾ।
ਸਦਾ ਹੀ ਦਿਲਚਸਪ ਰਹੀ ਹੈ ਪੱਛਮੀ ਹਲਕੇ ਦੀ ਚੋਣ
ਪੱਛਮੀ ਹਲਕੇ ਦੀਆਂ ਚੋਣਾਂ ਸਦਾ ਹੀ ਦਿਲਚਸਪ ਰਹੀਆਂ ਹਨ। 2012 ਵਿੱਚ ਜਦੋਂ ਅਕਾਲੀ ਦਲ ਦਾ ਹਨੇਰੀ ਚੱਲ ਰਹੀ ਸੀ ਅਤੇ ਅਕਾਲੀ ਦਲ ਦੁਬਾਰਾ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਇਆ, ਉਸ ਵੇਲੇ ਵੀ ਭਾਰਤ ਭੂਸ਼ਣ ਆਸ਼ੂ ਨੇ ਇਸ ਸੀਟ ’ਤੇ ਜਿੱਤ ਹਾਸਲ ਕੀਤੀ। ਜਦੋਂ 2017 ਵਿੱਚ ਚੋਣਾਂ ਹੋਈਆਂ, ਤਾਂ ਆਸ਼ੂ ਨੇ ਭਾਜਪਾ ਦੇ ਕਮਲ ਚੇਤਲੀ ਅਤੇ ‘ਆਪ’ ਦੇ ਅਹਾਬ ਗਰੇਵਾਲ ਨੂੰ ਹਰਾ ਕੇ ਦੁਬਾਰਾ ਸੀਟ ਜਿੱਤੀ। 2022 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਆਸ਼ੂ ਆਪਣੇ ਪੁਰਾਣੇ ਸਾਥੀ ਗੁਰਪ੍ਰੀਤ ਗੋਗੀ ਬੱਸੀ ਤੋਂ ਚੋਣ ਹਾਰ ਗਏ। ਹਾਲਾਂਕਿ, ਉਸ ਸਮੇਂ ਵੀ ਅਜਿਹਾ ਲੱਗ ਰਿਹਾ ਸੀ ਕਿ ਆਸ਼ੂ ਤੀਜੀ ਵਾਰ ਵਿਧਾਇਕ ਬਣਨਗੇ। ਹੁਣ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੈ ਅਤੇ ਜ਼ਿਮਨੀ ਚੋਣ ਵਿੱਚ ਮੁਕਾਬਲਾ ਫਿਰ ਤੋਂ ਸਖ਼ਤ ਹੋ ਗਿਆ ਹੈ।
ਉਮੀਦਵਾਰਾਂ ਨੇ ਲਾਇਆ ਪ੍ਰ੍ਰਚਾਰ ’ਤੇ ਜ਼ੋਰ
ਸਾਰੇ ਹੀ ਉਮੀਦਵਾਰਾਂ ਨੇ ਆਪਣੇ ਪੂਰੇ ਜ਼ੋਰ ਨਾਲ ਪ੍ਰਚਾਰ ਆਰੰਭਿਆ ਹੋਇਆ ਹੈ। ਪਾਰਟੀ ਦੇ ਸੀਨੀਅਰ ਆਗੂ ਵੀ ਉਨ੍ਹਾਂ ਲਈ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਹਨ। ‘ਆਪ’ ਦੇ ਸੰਜੀਵ ਅਰੋੜਾ ਨੂੰ ਸਰਕਾਰ ਦਾ ਪੂਰਾ ਸਮਰਥਨ ਪ੍ਰਾਪਤ ਹੈ ਅਤੇ ਉਹ ਜ਼ੋਰਦਾਰ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਲਗਾਤਾਰ ਇਸ ਹਲਕੇ ਦੇ ਲੋਕਾਂ ਨੂੰ ਮਿਲ ਰਹੇ ਹਨ। ਸਰਕਾਰ ਨੇ ਇਸ ਹਲਕੇ ਨੂੰ ਜਿੱਤਣ ਲਈ ਪੂਰਾ ਜੋਰ ਲਗਾਇਆ ਹੋਇਆ ਹੈ। ਅਕਾਲੀ ਦਲ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਵੀ ਇਸੇ ਹਲਕੇ ਨਾਲ ਸਬੰਧਤ ਹਨ। ਉਹ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਵੀ ਕਰ ਰਿਹਾ ਹੈ ਅਤੇ ਲਗਾਤਾਰ ਲੋਕਾਂ ਨੂੰ ਮਿਲ ਰਿਹਾ ਹੈ ਅਤੇ ਆਪਣੇ ਹੱਕ ਵਿੱਚ ਵੋਟਾਂ ਮੰਗ ਰਿਹਾ ਹੈ। ਦੂਜੇ ਪਾਸੇ ਆਰਐਸਐਸ ਨਾਲ ਜੁੜੇ ਜੀਵਨ ਗੁਪਤਾ ਦੋ ਵਾਰ ਸੂਬਾ ਜਨਰਲ ਸਕੱਤਰ ਦੇ ਅਹੁਦੇ ’ਤੇ ਰਹਿ ਚੁੱਕੇ ਹਨ ਅਤੇ ਭਾਜਪਾ ਹਾਈਕਮਾਨ ਵਿੱਚ ਉਨ੍ਹਾਂ ਦਾ ਬਹੁਤ ਚੰਗਾ ਪ੍ਰਭਾਵ ਹੈ। ਉਹ ਲੋਕਾਂ ਵਿੱਚ ਵੀ ਚੰਗੇ ਤਰੀਕੇ ਦੇ ਨਾਲ ਵਿਚਰਦੇ ਆ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਕੌਣ ਆਪਣੇ ਚੰਗੇ ਪ੍ਰਦਰਸ਼ਨ ਦੇ ਲਈ ਹਲਕਾ ਪੱਛਮੀ ਤੋਂ ਵਿਧਾਇਕ ਦੀ ਕੁਰਸੀ ’ਤੇ ਬੈਠੇਗਾ।
ਪਰਉਪਕਾਰ ਸਿੰਘ ਘੁੰਮਣ ਜੀਵਨ ਗੁਪਤਾ ਭਾਰਤ ਭੂਸ਼ਣ ਆਸ਼ੂ