ਬੁਟਾਹਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ
ਪਿਛਲੇ ਕਈ ਸਾਲਾਂ ਤੋਂ ਨਿਰੰਤਰਤਾ ਨੂੰ ਕਾਇਮ ਰਖਦਿਆਂ ਅਦਾਰਾ ‘ਅਣੂ ਮੰਚ’ ਅਤੇ ‘ਅਣ’ (ਮਿੰਨੀ ਪੱਤ੍ਰਿਕਾ) ਵੱਲੋਂ ਪਿੰਡ ਬੁਟਾਹਰੀ (ਲੁਧਿਆਣਾ) ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ 38 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਵਿੱਚ ਸੁਰਿੰਦਰ ਕੈਲੇ ਦੀ ਸਰਪ੍ਰਸਤੀ ਹੇਠ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸਤੀਸ਼ ਧਵਨ ਸਰਕਾਰੀ ਕਾਲਜ, ਲੁਧਿਆਣਾ ਦੇ ਸਾਬਕਾ ਵਿਦਿਆਰਥੀ ਬ੍ਰਿਜ ਭੂਸ਼ਨ ਗੋਇਲ ਨੇ ਸ਼ਿਰਕਤ ਕੀਤੀ। ਸਕੂਲ ਵੱਲੋਂ ਮੁੱਖ ਅਧਿਆਪਕ ਜਸਵਿੰਦਰ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਕੂਲ ਸਟਾਫ ’ਚ ਗੁਰਜੰਟ ਸਿੰਘ, ਦਵਿੰਦਰ ਸਿੰਘ, ਮਨਜੀਤ ਕੌਰ ਤੇ ਬਲਜੀਤ ਕੌਰ ਤੇ ਹੋਰ ਹਾਜ਼ਰ ਸਨ।
ਸੁਰਿੰਦਰ ਕੈਲੇ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਨਵੀਂ‐ਪੀੜ੍ਹੀ ਨੂੰ ਗਿਆਨ, ਵਿਗਿਆਨ ਦੀ ਗੁੜ੍ਹਤੀ ਦੇ ਕੇ ਸਮਾਜ ਦੀ ਭਵਿੱਖੀ ਉਸਾਰੀ ਦੇ ਥੰਮ੍ਹਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਉਹ ਵਿਦਿਆ ਦਾ ਮੰਦਿਰ ਹੈ ਜਿਥੇ ਉਨ੍ਹਾਂ ਨੇ ਖੁਦ ਤੱਪੜਾਂ ’ਤੇ ਬੈਠ ਕੇ ਪੜ੍ਹਾਈ ਕੀਤੀ ਸੀ। ਅੱਜ ਬੱਚਿਆਂ ਦਾ ਸਨਮਾਨ ਕਰ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਕਿਤਾਬਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅਧਿਆਪਕ ਦਵਿੰਦਰ ਸਿੰਘ ਤੇ ਗੁਰਜੰਟ ਸਿੰਘ ਨੇ ਕਿਹਾ ਕਿ ਤੁਹਾਡੇ ਵਰਗੀਆਂ ਮਹਾਨ ਸ਼ਖਸੀਅਤਾਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਤੇ ਗਿਆਨਦੀਪ ਕਿਤਾਬਾਂ ਦੇ ਲੜ ਲੱਗਕੇ ਜ਼ਿੰਦਗੀ ਦੇ ਸਫਰ ਨੂੰ ਇਨਸਾਨੀ ਕਦਰਾਂ ਕੀਮਤਾਂ ਵਾਲਾ ਸਮਾਜ ਸਿਰਜਣ ਲਈ ਪ੍ਰੇਰਿਤ ਕਰਨਗੀਆਂ। ਸਨਮਾਨ ਪ੍ਰਾਪਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਮਨਜੀਤ ਕੌਰ ਨੇ ਦੂਸਰੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਦਿਆਂ ਅਗਲੀ ਵਾਰੀ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ ਅਤੇ ਅਦਾਰਾ ਅਣੂਮੰਚ ਤੇ ਅਣੂ ਦਾ ਧੰਨਵਾਦ ਕੀਤਾ।