ਕਾਰੋਬਾਰੀ ਸੁਰਿੰਦਰ ਸਿੰਘ ਰਿਆਤ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਸ਼ਹਿਰ ਦੇ ਕਾਰੋਬਾਰੀ ਤੇ ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਿਆਤ ਨੂੰ ਜ਼ਮੀਨੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਉਨ੍ਹਾਂ ਦੇ ਭਰਾ...
ਸ਼ਹਿਰ ਦੇ ਕਾਰੋਬਾਰੀ ਤੇ ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਿਆਤ ਨੂੰ ਜ਼ਮੀਨੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਉਨ੍ਹਾਂ ਦੇ ਭਰਾ ਸਨਅਤਕਾਰ ਜਸਬੀਰ ਸਿੰਘ ਰਿਆਤ ਨੂੰ ਨਾਮਜ਼ਦ ਕੀਤਾ ਹੈ, ਜਿਸਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਬਾਬਾ ਨੰਦ ਸਿੰਘ ਨਗਰ ਦੇ ਵਾਸੀ ਚਮਕੌਰ ਸਿੰਘ ਨੇ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਸਬੀਰ ਸਿੰਘ ਨੇ ਗੁਰੂ ਨਾਨਕ ਪਬਲਿਕ ਸਕੂਲ ਇਯਾਲੀ ਕਲਾਂ ਟਰੱਸਟ ਦੇ ਪ੍ਰਬੰਧਨ ਤੋਂ 7.5 ਏਕੜ ਜ਼ਮੀਨ ਉਨ੍ਹਾਂ ਨੂੰ ਵੇਚਣ ਦੀ ਮਨਜ਼ੂਰੀ ਲਈ ਸੀ। ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੇ ਜ਼ਮੀਨ ਬਦਲੇ ਪੈਸੇ ਤੇ ਤਿੰਨ ਪ੍ਰਾਪਰਟੀਆਂ ਟਰਾਂਸਫਰ ਕੀਤੀਆਂ ਸਨ ਪਰ ਇਸ ਦੇ ਬਾਵਜੂਦ ਰਿਆਤ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਵਾਅਦੇ ਮੁਤਾਬਕ 7.5 ਏਕੜ ਜ਼ਮੀਨ ਉਨ੍ਹਾਂ ਦੇ ਨਾਮ ਟਰਾਂਸਫਰ ਨਹੀਂ ਕੀਤੀ। ਚਮੌਕਰ ਸਿੰਘ ਨੇ ਦੱਸਿਆ ਕਿ ਜਸਬੀਰ ਸਿੰਘ ਰਿਆਤ, ਉਨ੍ਹਾਂ ਦੇ ਭਰਾ ਸੁਰਿੰਦਰ ਸਿੰਘ ਰਿਆਤ ਸਣੇ ਕਈ ਵਿਅਕਤੀਆਂ ਨੇ ਸਮਝੌਤੇ ਦੀਆਂ ਸ਼ਰਤਾਂ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਨੇ ਦੱਸਿਆ ਕਿ 1.88 ਕਰੋੜ ਰੁਪਏ ਲੈਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਪੈਸੇ ਵਾਪਸ ਕੀਤੇ ਤੇ ਨਾ ਹੀ ਜ਼ਮੀਨ। ਇਸ ਮਾਮਲੇ ਵਿੱਚ ਏ ਡੀ ਸੀ ਪੀ ਵੱਲੋਂ ਜਾਂਚ ਕੀਤੀ ਗਈ ਤੇ ਰਿਆਤ ਭਰਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਥਾਣਾ ਸਰਾਭਾ ਨਗਰ ਦੇ ਸਬ ਇੰਸਪੈਕਟਰ ਆਦਿੱਤਿਆ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਹਿਲਾਂ ਐੱਫ ਆਈ ਆਰ ਵਿੱਚ ਜਸਬੀਰ ਸਿੰਘ ਰਿਆਤ ਸ਼ਾਮਲ ਸੀ ਜਾਂਚ ਤੋਂ ਬਾਅਦ ਸੁਰਿੰਦਰ ਸਿੰਘ ਰਿਆਤ ਨੂੰ ਨਾਮਜ਼ਦ ਕੀਤਾ ਗਿਆ ਹੈ।

